ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਅੱਜ ਇੱਥੇ ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ਰਾਸ਼ਟਰੀ ਲੀਗਲ ਸਰਵਿਸ ਦਿਵਸ ਦੇ ਮੌਕੇ 'ਤੇ ਸਥਾਨਕ ਰਯਾਤ ਬਾਹਰਾ ਯੂਨੀਵਰਸਿਟੀ ਦੇ ਲਾਅ ਵਿਭਾਗ ਵਿੱਚ ਇੱਕ ਵਿਚਾਰ-ਚਰਚਾ ਕਰਵਾਈ ਗਈ। ਇਸ ਮੌਕੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਵਾਈਸ ਪ੍ਰੈਜ਼ੀਡੈਂਟ ਐਲੀ. ਅਸ਼ੋਕ ਪੁਰੀ ਅਤੇ ਵਿਭਾਗ ਦੀ ਮੁਖੀ ਡਾ. ਪ੍ਰਿਯੰਕਾ ਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਵਿਚਾਰ-ਚਰਚਾ ਦਾ ਸੰਚਾਲਨ ਮਿਸ ਸਪਨਾ ਰਾਣੀ ਅਤੇ ਮਿਸ ਲਲਿਤਾ ਨੇ ਕੀਤਾ। ਇਸ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਐਲੀ. ਅਜੇ ਸ਼ਾਰਦਾ ਅਤੇ ਮਿਸ ਅਨੁਪ੍ਰੀਤ ਕੌਰ ਸੰਧੂ ਸਨ।
ਰਾਸ਼ਟਰੀ ਲੀਗਲ ਸਰਵਿਸ ਦਿਵਸ ਸਬੰਧੀ ਵਿਚਾਰ-ਚਰਚਾ ਸ਼ੁਰੂ ਹੋਣ ਤੋਂ ਬਾਅਦ ਬੀ.ਏ.ਐਲ.ਐਲ.ਬੀ. ਦੇ ਸੱਤਵੇਂ, ਤੀਜੇ ਅਤੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਅੱਜ ਦੀ ਇਹ ਵਿਚਾਰ-ਚਰਚਾ ਤਰਕ-ਵਿਤਰਕ ਜਾਂ ਭਾਸ਼ਣਬਾਜ਼ੀ ਨਾ ਹੋ ਕੇ ਇੱਕ ਸਾਰਥਕ ਗੋਸ਼ਟੀ ਸਾਬਤ ਹੋਈ। ਇਸ ਮੌਕੇ ਵਿਭਾਗ ਦੀ ਮੁਖੀ ਡਾ. ਪ੍ਰਿਯੰਕਾ ਪੁਰੀ ਨੇ ਵਿਚਾਰ-ਚਰਚਾ ਵਿੱਚ ਭਾਗ ਲੈਣ ਵਾਲੇ ਲਾਅ ਵਿਭਾਗ ਦੇ ਵਿਦਿਆਰਥੀਆਂ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਨੂੰ ਇਸ ਮਹੱਤਵਪੂਰਨ ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਪਾਠਕ੍ਰਮ ਦੀ ਪੜ੍ਹਾਈ ਦੇ ਨਾਲ ਇਸ ਤਰ੍ਹਾਂ ਦੀ ਵਿਚਾਰ-ਚਰਚਾ ਸਮਾਜ ਅਤੇ ਵਿਭਾਗ ਦੋਵਾਂ ਲਈ ਲਾਹੇਵੰਦ ਸਾਬਤ ਹੁੰਦੀ ਹੈ।
ਇਸ ਮੌਕੇ ਐਲੀ. ਅਸ਼ੋਕ ਪੁਰੀ ਨੇ ਸਮਾਜ ਵਿੱਚ ਕਾਨੂੰਨੀ ਪ੍ਰਕਿਰਿਆ ਦੇ ਤੰਤਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਸਮਾਜਿਕ ਗਿਆਨ ਦਾ ਵਿਕਾਸ ਹੋਣਾ ਨਿਆਂਪਾਲਿਕਾ ਦੇ ਸੁਨਹਿਰੀ ਯੁੱਗ ਦੀ ਆਮਦ ਦਾ ਪ੍ਰਤੀਕ ਸਾਬਤ ਹੋਵੇਗਾ।
ਇਸ ਮੌਕੇ ਸੱਤਵੇਂ ਸਮੈਸਟਰ ਦੀਆਂ ਕਾਜਲ, ਜਤਿਨ ਸੇਠੀ, ਰਾਘਵ, ਸਮਾਇਰਾ ਅਤੇ ਰੁਪਿੰਦਰ ਕੌਰ ਦੇ ਨਾਲ ਤੀਜੇ ਸਮੈਸਟਰ ਦੇ ਰਵੀ ਕਿਸ਼ਨ ਅਤੇ ਪਹਿਲੇ ਸਮੈਸਟਰ ਦੀਆਂ ਆਸ਼ਿਮਾ, ਰਾਹੁਲ ਗੁਪਤਾ ਅਤੇ ਮਨਦੀਪ ਸਿੰਘ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ਵਿਭਾਗ ਦੀਆਂ ਅਧਿਆਪਕਾਵਾਂ ਸਪਨਾ ਰਾਣੀ, ਅਨੁਪ੍ਰੀਤ ਕੌਰ ਸੰਧੂ ਅਤੇ ਲਲਿਤਾ ਸਮੇਤ ਵਿਭਾਗ ਦੀ ਮੁਖੀ ਡਾ. ਪ੍ਰਿਯੰਕਾ ਪੁਰੀ ਨੂੰ ਵੀ ਸਨਮਾਨਿਤ ਕੀਤਾ ਗਿਆ।
