ਪਟਿਆਲਾ:- ਵਾਰਡ ਨੰਬਰ 56 ਅਧੀਨ ਆਉਂਦੇ ਬਡੂੰਗਰ ਦੇ ਜ਼ੋਗਿੰਦਰ ਨਗਰ ਵਿਖੇ ਡਾਗ ਲਵਰਸ ਵਲੋਂ ਬਣਾਈਆਂ ਗਈਆਂ ਝੁੱਗੀਆਂ-ਝੌਪੜੀਆਂ ਨੂੰ ਤੁਰੰਤ ਹਟਾਉਣ ਸਬੰਧੀ ਇਲਾਕਾ ਵਾਸੀਆਂ ਵਲੋਂ ਡਿਪਟੀ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ, ਮੇਅਰ ਅਤੇ ਐਸ.ਐਸ.ਪੀ. ਪਟਿਆਲਾ ਤੋਂ ਲਿਖਤੀ ਰੂਪ ਵਿੱਚ ਪੁਰਜੋਰ ਮੰਗ ਕੀਤੀ ਗਈ। 
ਸ਼ਰਨਜੀਤ ਸਿੰਘ, ਕੁਲਬੀਰ ਸਿੰਘ ਬਰਾੜ, ਮਨਮੁੱਖ ਸਿੰਘ ਅਤੇ ਜ਼ਸਬੀਰ ਸਿੰਘ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਹਸਤਾਖਰ ਵਾਲੇ ਮੰਗ ਪੱਤਰ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੂੰ ਸੌਂਪਦਿਆਂ ਦੱਸਿਆ ਕਿ ਜ਼ੋਗਿੰਦਰ ਨਗਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਦੂਜੀਆ ਕਲੋਨੀਆਂ ਦੇ ਕੁੱਝ ਲੋਕਾਂ ਵਲੋਂ ਅਵਾਰਾ-ਲਾਵਾਰਸ ਕੁੱਤਿਆਂ ਲਈ ਬਣਾਈਆਂ ਗਈਆਂ ਛੋਟੀਆਂ-ਛੋਟੀਆਂ ਝੁੱਗੀਆਂ-ਝੌਪੜੀਆਂ ਜਿੱਥੇ ਇਲਾਕੇ ਦੀ ਸੁੰਦਰਤਾ ਨੂੰ ਖਰਾਬ ਕਰ ਰਹੀਆਂ ਹਨ ਉੱਥੇ ਹੀ ਇੱਥੇ ਰਹਿੰਦੇ 15 ਤੋਂ 20 ਕੁੱਤੇ ਅਵਾਜਾਈ ਕਰਨ ਵਾਲੀਆਂ ਨੂੰ ਆਪਣੇ ਦੰਦਾਂ ਦਾ ਸ਼ਿਕਾਰ ਬਣਾ ਰਹੇ ਹਨ।
 ਸਕੂਲੀ ਬੱਚਿਆਂ, ਬਜੁਰਗਾਂ ਅਤੇ ਦੋ ਪਹੀਆ ਵਾਹਨਾਂ ਵਾਲਿਆ ਨਾਲ ਇੱਥੋਂ ਲੰਘਦਿਆਂ ਕੁੱਤਿਆਂ ਨਾਲ ਸਬੰਧਤ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਿਸੇ ਘਰ ਜੇਕਰ ਸਮਾਂਰੋਹ ਹੁੰਦਾ ਹੈ ਤਾਂ ਇੱਥੇ ਆਉਂਦਿਆ ਰਿਸ਼ਤੇਦਾਰਾਂ ਨੂੰ ਵੀ ਕੁੱਤਿਆਂ ਦੇ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਡਾਗ ਲਵਰਜ਼ ਨੂੰ ਕਈ ਵਾਰ ਇੱਥੇ ਝੁਗੀ ਝੋਪੜੀਆਂ ਬਣਾਉਣ ਤੋਂ ਰੋਕਿਆ ਗਿਆ। ਇਸਦੇ ਬਾਵਜੂਦ ਵੀ ਉਹ ਇੱਥੇ ਕੁਤਿਆਂ ਲਈ ਰੈਣ ਬਸੇਰੇ ਬਣਾਉਣ ਤੋਂ ਬਾਜ ਨਹੀਂ ਆ ਰਹੇ। 
ਉਨ੍ਹਾਂ ਕਿਹਾ ਕਿ ਇੱਥੇ ਕੁੱਤਿਆਂ ਦੇ ਮਲ-ਮੂਤਰ ਨਾਲ ਫੈਲ ਰਹੀ ਗੰਦਗੀ ਸਵੱਛਤਾ ਨੂੰ ਖੋਰਾ ਲਗਾ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਰੋਜਾਨਾ ਦੇ ਹਾਦਸਿਆਂ ਨੂੰ ਰੋਕਣ, ਅਤੇ ਇਲਾਕੇ ਦੇ ਲੋਕਾਂ ਨੂੰ ਭੈਅ ਮੁੱਕਤ ਕਰਨ ਲਈ ਇਨ੍ਹਾਂ ਭੱਤਿਆ ਲਈ ਕਿਸੇ ਹੋਰ ਥਾਂ ਰੈਣ ਬਸੇਰੇ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਸੁਰਿੰਦਰ ਕੌਰ, ਸਾਧੂ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਆਦਰਸ਼ ਸਿੰਘ, ਰਾਜਦੀਪ ਕੌਰ, ਨੀਰਜ, ਜ਼ਸਪ੍ਰੀਤ ਕੌਰ, ਜੀਤ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਸ਼ਾਮ ਲਾਲ ਆਦਿ ਮੰਗ ਕਰਤਾਵਾਂ ਵਜੋਂ ਨਾਮ ਸ਼ਾਮਲ ਹਨ।