ਧੂਰੀ/ਸ਼ੇਰਪੁਰ ਸੋਢੀਆਂ, 10 ਅਕਤੂਬਰ:- ਹਲਕਾ ਧੂਰੀ ਦੇ ਪਿੰਡ ਸ਼ੇਰਪੁਰ ਸੋਢੀਆਂ ਵਿਖੇ ਸੰਗਰੂਰ ਕਬੱਡੀ ਲੀਗ ਸੀਜ਼ਨ-2 ਦਾ ਫਾਈਨਲ ਮੈਚ ਅਤੇ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਵਿਚਕਾਰ ਸ਼ੋਅ-ਮੈਚ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਖੇਡ ਸਮਾਗਮ ਵਿੱਚ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ.ਐੱਸ.ਆਈ.ਈ.ਸੀ.) ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਦਕਿ ਕੌਂਸਲਰ ਪੁਸ਼ਪਿੰਦਰ ਸ਼ਰਮਾ ਵੀ ਮੌਜੂਦ ਰਹੇ।
ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਪ੍ਰਬੰਧਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਬੱਡੀ ਪੰਜਾਬ ਦੀ ਅਮੀਰ ਖੇਡ ਵਿਰਾਸਤ ਦਾ ਅਹਿਮ ਹਿੱਸਾ ਹੈ। ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਉਣ ਵਿੱਚ ਵੀ ਮਦਦਗਾਰ ਸਾਬਤ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਖੇਡਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਪਿੰਡਾਂ ਵਿੱਚ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਦੇ ਹਨ ਅਤੇ ਆਪਸੀ ਭਾਈਚਾਰੇ ਤੇ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਜਿਕ ਸੰਸਥਾਵਾਂ, ਗ੍ਰਾਮ ਪੰਚਾਇਤਾਂ ਅਤੇ ਖੇਡ ਕਲੱਬਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਅਜਿਹੇ ਸਾਂਝੇ ਉਪਰਾਲਿਆਂ ਨਾਲ ਪੇਂਡੂ ਖੇਤਰਾਂ ਵਿੱਚ ਖੇਡ ਸੱਭਿਆਚਾਰ ਹੋਰ ਮਜ਼ਬੂਤ ਹੁੰਦਾ ਹੈ ਅਤੇ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਨਿਖਾਰਨ ਦੇ ਮੌਕੇ ਮਿਲਦੇ ਹਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਖੇਡ ਪ੍ਰੇਮੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
