ਪਟਿਆਲਾ (ਕਾਕਾ ਰਾਮ ਵਰਮਾ):- ਵਿਸ਼ਵ ਬਾਲ ਅਧਿਕਾਰ ਅਤੇ ਫਰਜ਼ ਜਾਗਰੂਕਤਾ ਦਿਵਸ ਮੌਕੇ ਸੋਨੀ ਪਬਲਿਕ ਸਕੂਲ ਵਿਖੇ ਅੰਤਰ-ਹਾਊਸ ਖੇਡ ਮੁਕਾਬਲੇ ਕਰਵਾਏ ਗਏ। ਸੰਯੁਕਤ ਰਾਸ਼ਟਰ ਅਤੇ ਯੂਨੀਸੇਫ ਵੱਲੋਂ ਸਾਲ 1954 ਤੋਂ ਬਾਲ ਸੁਰੱਖਿਆ, ਸਨਮਾਨ, ਖੁਸ਼ਹਾਲੀ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਮਨਾਏ ਜਾ ਰਹੇ ਇਸ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਮਨਦੀਪ ਕੌਰ ਨੇ ਕਿਹਾ ਕਿ ਚੇਅਰਪਰਸਨ ਅਮਰਜੀਤ ਕੌਰ ਅਤੇ ਐਮ.ਡੀ. ਸ੍ਰੀ ਵਰਿੰਦਰ ਸਿੰਘ ਦੇ ਯਤਨਾਂ ਸਦਕਾ ਦੂਜੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਰੈੱਡ, ਗ੍ਰੀਨ, ਯੈਲੋ ਅਤੇ ਬਲੂ ਹਾਊਸ ਦੇ 124 ਲੜਕੇ-ਲੜਕੀਆਂ ਨੇ ਅੱਠ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਭਾਰਤ ਸਕਾਊਟਸ ਐਂਡ ਗਾਈਡਜ਼ ਦੀ ਟ੍ਰੇਨਿੰਗ ਕਮਿਸ਼ਨਰ ਸ੍ਰੀਮਤੀ ਰਵਿੰਦਰ ਕੌਰ ਸਿੱਧੂ, ਪੰਜਾਬ ਪੁਲਿਸ ਦੀ ਇੰਸਪੈਕਟਰ ਸਰਬਜੀਤ ਕੌਰ, ਏ.ਐਸ.ਆਈ. ਰਾਮ ਸ਼ਰਨ ਅਤੇ ਸ੍ਰੀ ਕਾਕਾ ਰਾਮ ਵਰਮਾ ਨੇ ਸਕੂਲ ਮੈਨੇਜਮੈਂਟ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਬੱਚਿਆਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਸਿਹਤ, ਤੰਦਰੁਸਤੀ, ਅਰੋਗਤਾ, ਆਤਮ-ਵਿਸ਼ਵਾਸ ਅਤੇ ਹੌਸਲਾ ਵਧਦਾ ਹੈ। ਖੇਡਾਂ ਰਾਹੀਂ ਦੇਸ਼-ਦੁਨੀਆ ਦੀ ਸੈਰ ਕਰਨ ਦੇ ਮੌਕੇ ਮਿਲਦੇ ਹਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ, ਧਨ-ਦੌਲਤ ਅਤੇ ਸਨਮਾਨ ਵੀ ਪ੍ਰਾਪਤ ਹੁੰਦੇ ਹਨ।
ਸ੍ਰੀ ਵਰਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੀ ਸਿਹਤ, ਸਿੱਖਿਆ, ਸੰਸਕਾਰ ਅਤੇ ਤਰੱਕੀ ਦੇ ਮੌਕੇ ਪ੍ਰਦਾਨ ਕਰਨ ਲਈ ਵੱਧ ਤੋਂ ਵੱਧ ਯਤਨ ਕੀਤੇ ਜਾ ਰਹੇ ਹਨ। ਇਸ ਮਕਸਦ ਲਈ ਉਨ੍ਹਾਂ ਨੂੰ ਸਹੀ ਰਾਹਦਾਰੀ ਅਤੇ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਪ੍ਰੋਗਰਾਮ ਕੋਆਰਡੀਨੇਟਰ ਭਾਵਨਾ ਸ਼ਰਮਾ ਨੇ ਦੱਸਿਆ ਕਿ ਪੰਜਵੀਂ ਜਮਾਤ ਦੇ ਗੁਰਤੇਜ ਸਿੰਘ ਅਤੇ ਚੌਥੀ ਜਮਾਤ ਦੀ ਜਾਨਵੀ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ, ਜਦਕਿ ਸੱਤਵੀਂ ਜਮਾਤ ਦੀ ਅਨਾਮਿਕਾ ਨੂੰ ਸਰਵੋਤਮ ਅਨੁਸ਼ਾਸਿਤ ਵਿਦਿਆਰਥਣ ਵਜੋਂ ਸਨਮਾਨਿਤ ਕੀਤਾ ਗਿਆ। 16 ਖਿਡਾਰੀਆਂ ਨੂੰ ਸੋਨੇ ਦੇ ਮੈਡਲ, 16 ਨੂੰ ਚਾਂਦੀ ਦੇ ਮੈਡਲ ਅਤੇ 24 ਬੱਚਿਆਂ ਨੂੰ ਕਾਂਸੀ ਦੇ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਯੈਲੋ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਗ੍ਰੀਨ ਹਾਊਸ ਨੂੰ ਉਪ-ਜੇਤੂ ਟਰਾਫੀ ਦਿੱਤੀ ਗਈ।
ਬੱਚਿਆਂ ਨੇ ਇਹ ਪ੍ਰਣ ਵੀ ਕੀਤਾ ਕਿ ਉਹ ਨਸ਼ਿਆਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਅਤੇ ਵਾਹਨਾਂ ਦੀ ਵਰਤੋਂ ਤੋਂ ਦੂਰ ਰਹਿਣਗੇ।
