ਗੜ੍ਹਸ਼ੰਕਰ, 14 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਪੰਜਾਬ ਫੁੱਟਬਾਲ ਲੀਗ (ਡਿਵੀਜ਼ਨ ਬੀ) ਅਧੀਨ ਬੁੱਧਵਾਰ ਨੂੰ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ, ਗੜ੍ਹਸ਼ੰਕਰ ਵਿਖੇ ਏਸ਼ੀਆਈ ਫੁੱਟਬਾਲ ਟੀਮ ਦੇ ਕਪਤਾਨ ਸਵਰਗਵਾਸੀ ਜਰਨੈਲ ਸਿੰਘ ਪਨਾਮ ਦੀ ਯਾਦ ਵਿੱਚ ਵਿਸ਼ੇਸ਼ ਮੈਚ ਕਰਵਾਇਆ ਗਿਆ। ਇਹ ਮੈਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ, ਮਾਹਿਲਪੁਰ ਅਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ, ਗੜ੍ਹਸ਼ੰਕਰ ਵਿਚਕਾਰ ਖੇਡਿਆ ਗਿਆ।

ਇਸ ਮੌਕੇ ਅਰਜੁਨ ਐਵਾਰਡ ਜੇਤੂ ਫੁੱਟਬਾਲਰ ਅਤੇ ਫੁੱਟਬਾਲ ਪਲੇਅਰਜ਼ ਵੈਲਫੇਅਰ ਸੁਸਾਇਟੀ, ਮਾਹਿਲਪੁਰ ਦੇ ਸਰਪ੍ਰਸਤ ਗੁਰਦੇਵ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਖੇਡ ਜਗਤ ਦੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਉਲੰਪੀਅਨ ਜਰਨੈਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਇਸ ਮੈਚ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ, ਮਾਹਿਲਪੁਰ ਵੱਲੋਂ ਖੇਡ ਰਹੀ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ, ਗੜ੍ਹਸ਼ੰਕਰ ਵੱਲੋਂ ਖੇਡ ਰਹੀ ਖਾਲਸਾ ਕਾਲਜ ਗੜ੍ਹਸ਼ੰਕਰ ਦੀ ਟੀਮ ਨੂੰ 4-2 ਨਾਲ ਹਰਾਇਆ। ਇਸ ਜਿੱਤ ਨਾਲ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਪੰਜਾਬ ਫੁੱਟਬਾਲ ਲੀਗ ਦੇ ਡਿਵੀਜ਼ਨ ਏ ਵਰਗ ਵਿੱਚ ਵੀ ਪ੍ਰਵੇਸ਼ ਕਰ ਲਿਆ।

ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਪ੍ਰੋ. ਅਪਿੰਦਰ ਸਿੰਘ, ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਇਸ ਜਿੱਤ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ।

ਮੈਚ ਮੌਕੇ ਖੇਡ ਪ੍ਰਮੋਟਰ ਯੋਗ ਰਾਜ ਗੰਭੀਰ, ਰਾਕੇਸ਼ ਕੁਮਾਰ ਪਨਾਮ, ਰਾਣਾ ਸਲਿੰਦਰ ਸਿੰਘ ਡੀਪੀ, ਡਾ. ਰਾਜ ਕੁਮਾਰ, ਦਲਜੀਤ ਸਿੰਘ ਬਿੱਟੂ, ਇੰਜੀਨੀਅਰ ਤਰਲੋਚਨ ਸਿੰਘ ਸੰਧੂ, ਤਲਵਿੰਦਰ ਸਿੰਘ ਹੀਰ ਨੰਗਲ, ਤਰਸੇਮ ਭਾਅ, ਹਰਿੰਦਰ ਸਨੀ ਖਾਬੜਾ, ਚਰਨਜੀਤ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।