ਜਲੰਧਰ, 23 ਜੂਨ:- ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ (1926-2026) ਨੂੰ ਸਮਰਪਿਤ ਮੁਹਿੰਮ ਤਹਿਤ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਦੇ ਪਿੰਡਾਂ ਦੇ ਲੋਕਾਂ ਦਾ ਵਿਸ਼ਾਲ ਸਹਿਯੋਗ ਅਤੇ ਸੰਗ-ਸਾਥ ਪ੍ਰਾਪਤ ਕਰਨ ਦੇ ਉਦੇਸ਼ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 27 ਜੂਨ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਇੱਕ ਵਿਸ਼ੇਸ਼ ਪ੍ਰਤੀਨਿਧ ਮਿਲਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸ਼ਤਾਬਦੀ ਮੁਹਿੰਮ ਨੂੰ ਪ੍ਰਭਾਵਸ਼ਾਲੀ ਅਤੇ ਲੋਕ ਭਾਗੀਦਾਰੀ ਵਾਲਾ ਬਣਾਉਣ ਲਈ ਵੱਖ-ਵੱਖ ਜਨਤਕ, ਜਮਹੂਰੀ ਅਤੇ ਭਰਾਤਰੀ ਸੰਸਥਾਵਾਂ, ਦੇਸ਼ ਭਗਤਾਂ ਦੀ ਇਤਿਹਾਸਕ ਵਿਰਾਸਤ ਨਾਲ ਜੁੜੀਆਂ ਕਮੇਟੀਆਂ ਅਤੇ ਸਮਾਜਿਕ ਸ਼ਖਸੀਅਤਾਂ ਦਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਅਤੇ ਵਿਅਕਤੀਆਂ ਦੇ ਸਰਗਰਮ ਯੋਗਦਾਨ ਸਦਕਾ 27 ਜੂਨ ਦੀ ਇਹ ਮਿਲਣੀ ਸ਼ਤਾਬਦੀ ਮੁਹਿੰਮ ਨੂੰ ਇੱਕ ਮਜ਼ਬੂਤ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਕਮੇਟੀ ਆਗੂਆਂ ਨੇ ਦੱਸਿਆ ਕਿ ਮਿਲਣੀ ਦੌਰਾਨ ਜਨਤਕ ਮੀਟਿੰਗਾਂ, ਸੰਪਰਕ ਮੁਹਿੰਮਾਂ, ਨੁੱਕੜ ਨਾਟਕਾਂ, ਗੀਤ-ਸੰਗੀਤ, ਵਿਚਾਰ-ਚਰਚਾਵਾਂ, ਫੋਟੋ ਅਤੇ ਚਿੱਤਰ ਕਲਾ ਪ੍ਰਦਰਸ਼ਨੀਆਂ, ਪੁਸਤਕ ਪ੍ਰਦਰਸ਼ਨੀਆਂ ਅਤੇ ਫਿਲਮ ਸ਼ੋਅ ਵਰਗੇ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਤੱਕ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਅਤੇ ਇਸ ਦੇ ਮਹਾਨ ਸ਼ਹੀਦਾਂ ਦੇ ਸੰਦੇਸ਼ ਨੂੰ ਪਹੁੰਚਾਉਣ ਲਈ ਵਿਸਤ੍ਰਿਤ ਯੋਜਨਾਬੰਦੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਸਿਖਰ ਬਿੰਦੂ 1 ਨਵੰਬਰ 2026 ਨੂੰ ਮਨਾਇਆ ਜਾਣ ਵਾਲਾ **ਮੇਲਾ ਗਦਰੀ ਬਾਬਿਆਂ ਦਾ** ਹੋਵੇਗਾ, ਜੋ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੇਲੇ ਰਾਹੀਂ ਬੱਬਰਾਂ, ਗਦਰੀ ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੀ ਉਸ ਇਨਕਲਾਬੀ ਵਿਰਾਸਤ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ, ਜਿਸ ਨੂੰ ਅਕਸਰ ਇਤਿਹਾਸ ਵਿੱਚ ਅਣਗੌਲਿਆ ਕੀਤਾ ਗਿਆ ਹੈ।
ਕਮੇਟੀ ਆਗੂਆਂ ਨੇ ਕਿਹਾ ਕਿ ਇਸ ਇਤਿਹਾਸਕ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕ-ਜੱਥੇਬੰਦੀਆਂ, ਇਨਕਲਾਬੀ ਵਿਰਾਸਤ ਨਾਲ ਜੁੜੀਆਂ ਸੰਸਥਾਵਾਂ ਅਤੇ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਸਮੂਹ ਸੰਬੰਧਿਤ ਸੰਸਥਾਵਾਂ, ਇਤਿਹਾਸ ਪ੍ਰੇਮੀਆਂ ਅਤੇ ਜਾਗਰੂਕ ਨਾਗਰਿਕਾਂ ਨੂੰ 27 ਜੂਨ ਦੀ ਇਸ ਵਿਸ਼ੇਸ਼ ਮਿਲਣੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।