ਮਾਜਰੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 22 ਅਕਤੂਬਰ, 2026:- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਮਾਜਰੀ ਬਲਾਕ ਦੇ ਪਿੰਡ ਮਾਣਕਪੁਰ ਸ਼ਰੀਫ਼ ਅਤੇ ਖੇੜਾ ਵਿਖੇ ਐਲ.ਈ.ਡੀ. ਸਕਰੀਨਾਂ ਰਾਹੀਂ 30 ਮਿੰਟ ਦੀ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਦਿਖਾਈ ਗਈ। ਇਸ ਪਹਿਲ ਦਾ ਉਦੇਸ਼ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜਾਣੂ ਕਰਵਾਉਣਾ ਅਤੇ ਸਮਾਜ ਨੂੰ ਦਿੱਤੇ ਬਰਾਬਰੀ, ਆਪਸੀ ਭਾਈਚਾਰੇ ਅਤੇ ਮਾਨਵਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।

ਉੱਪ ਮੰਡਲ ਮੈਜਿਸਟ੍ਰੇਟ, ਖਰੜ, ਸ੍ਰੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਮਨੁੱਖਤਾ ਦੀ ਭਲਾਈ, ਸਮਾਜਿਕ ਸਮਾਨਤਾ, ਆਪਸੀ ਸਦਭਾਵਨਾ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਨਿਆਂਪੂਰਨ, ਸਮਾਨਤਾਵਾਦੀ ਅਤੇ ਭਾਈਚਾਰਕ ਸਾਂਝ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਦਿਖਾਉਣ ਦਾ ਉਪਰਾਲਾ ਲੋਕਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਫਲਸਫ਼ੇ ਨਾਲ ਜੋੜਨ ਲਈ ਕੀਤਾ ਜਾ ਰਿਹਾ ਹੈ। ਐਲ.ਈ.ਡੀ. ਸਕਰੀਨਾਂ ਰਾਹੀਂ ਪਿੰਡਾਂ ਵਿੱਚ ਦਿਖਾਈ ਜਾ ਰਹੀ ਇਸ ਦਸਤਾਵੇਜ਼ੀ ਫ਼ਿਲਮ ਰਾਹੀਂ ਲੋਕਾਂ ਨੂੰ ਗੁਰੂ ਜੀ ਦੇ ਮਹਾਨ ਵਿਚਾਰਾਂ ਅਤੇ ਸਮਾਜ ਸੁਧਾਰ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਅਤੇ ਵਿਚਾਰਧਾਰਾ ਰਾਹੀਂ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਸੱਚਾਈ, ਸੇਵਾ ਅਤੇ ਭਾਈਚਾਰੇ ਦਾ ਮਾਰਗ ਦਿਖਾਇਆ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਹੈ।

ਇਸ ਮੌਕੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਸਮਾਜ ਵਿੱਚ ਆਪਸੀ ਪਿਆਰ, ਸਤਿਕਾਰ, ਸਮਾਨਤਾ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ।