ਨਵਾਂਸ਼ਹਿਰ (ਦੇਸ ਰਾਜ ਬਾਲੀ):- ਪਿੰਡ ਰਾਣੇਵਾਲ ਦੇ ਪ੍ਰਸਿੱਧ ਗੀਤਕਾਰ ਬਿੱਲਾ ਇਟਲੀ ਰਾਣੇਵਾਲ ਵੱਲੋਂ ਲਿਖੇ ਗਏ ਅਤੇ ਗੁਰਬਖ਼ਸ਼ ਸ਼ੌਂਕੀ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਗਾਏ ਗਏ ਗੀਤ ‘ਹਰ ਜਨਮ ’ਚ ਪੁੱਤ’ ਅਤੇ ਰਣਜੀਤ ਮਨੀ ਵੱਲੋਂ ਗਾਏ ਗੀਤ ‘ਪੰਜਾਬ’ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਬਿੱਲਾ ਇਟਲੀ ਨੇ ਦੱਸਿਆ ਕਿ ਉਕਤ ਗੀਤ ਆਪਣੇ ਪਰਿਵਾਰਾਂ ਤੋਂ ਦੂਰ ਪੰਜਾਬ ਛੱਡ ਕੇ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਪੁੱਤਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਮਰਪਿਤ ਹੈ। ਇਹ ਪੁੱਤਰ ਸਿਰਫ਼ ਫੋਨ ਅਤੇ ਵੀਡੀਓ ਕਾਲਾਂ ਰਾਹੀਂ ਹੀ ਆਪਣੇ ਪਰਿਵਾਰਾਂ ਨੂੰ ਮਿਲ ਸਕਦੇ ਹਨ ਅਤੇ ਸਾਲਾਂਬੱਧੀ ਘਰ ਗੇੜਾ ਨਹੀਂ ਮਾਰ ਸਕਦੇ।
ਅਜਿਹੇ ਪੁੱਤਰ ਆਪਣੇ ਮਾਪਿਆਂ ਤੋਂ ਵਿਛੋੜੇ ਦਾ ਦਰਦ ਬਿਆਨ ਕਰਦਿਆਂ ਆਖਦੇ ਹਨ ਕਿ ਉਹ ਹਰ ਜਨਮ ਵਿੱਚ ਇਨ੍ਹਾਂ ਮਾਪਿਆਂ ਦੇ ਹੀ ਪੁੱਤ ਬਣਨਾ ਚਾਹੁੰਦੇ ਹਨ।
ਉਨ੍ਹਾਂ ਦੱਸਿਆ ਕਿ ‘ਪੰਜਾਬ’ ਗੀਤ ਵੀ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਬਿਆਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਗਾਇਕ ਪੰਮਾ ਡੁੰਮੇਵਾਲੀਆ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਗੀਤ ‘ਸਲਾਮਾਂ’ ਵੀ ਸਰੋਤਿਆਂ ਨੂੰ ਸੁਣਨ ਲਈ ਮਿਲੇਗਾ।
