ਬੰਗਾ/ਨਵਾਂਸ਼ਹਿਰ:- ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਜਨੂੰਨ-ਏ-ਪੰਜਾਬ ਦੋ ਦਿਨਾਂ ਅੰਤਰ ਕਾਲਜ ਮੁਕਾਬਲੇ  ਕਰਵਾਏ ਗਏ। ਇਹਨਾਂ ਮੁਕਾਬਲਿਆਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੀਆਂ ਆਪਣੇ ਸੱਭਿਆਚਾਰ ਤੇ ਵਿਰਾਸਤ ਨਾਲ ਜੁੜਨ ਲਈ ਪ੍ਰੇਰਨਾ ਰਿਹਾ। ਇਹਨਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜਾਂ ਨੂੰ ਇਹਨਾਂ ਮੁਕਾਬਲਿਆਂ ਲਈ ਸੱਦਾ ਦਿੱਤਾ ਗਿਆ। 
ਇਹਨਾਂ ਮੁਕਾਬਲਿਆਂ  ਵਿੱਚ ਪ੍ਰਿੰ ਡਾ ਤਰਸੇਮ ਸਿੰਘ ਭਿੰਡਰ ਦੀ ਯੋਗ ਅਗਵਾਈ ਹੇਠ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਵੱਖ ਵੱਖ ਆਈਟਮਾਂ ਵਿਚ ਭਾਗ ਲਿਆ ਗਿਆ। ਕਲਾ ਤੇ ਸੱਭਿਆਚਾਰ ਵਿਭਾਗ ਤੋਂ ਡੀਨ ਡਾਕਟਰ ਗੁਰਵਿੰਦਰ ਸਿੰਘ ਤੇ  ਡਿਪਟੀ ਡੀਨ ਸ ਮਨਮੰਤ ਸਿੰਘ ਲਾਇਬ੍ਰੇਰੀਅਨ ਹੁਰਾਂ ਦੱਸਿਆ ਕਿ ਇਹਨਾਂ ਅੰਤਰ ਕਾਲਜ ਸੱਭਿਆਚਾਰ ਮੁਕਾਬਲਿਆਂ ਵਿੱਚ 11 ਈਵੈਂਟ ਰੱਖੇ ਗਏ ਸੀ। ਕਾਲਜ ਵੱਲੋਂ ਸਿਰਫ਼ ਛੇ ਈਵੈਂਟ ਵਿਚ ਹੀ ਭਾਗ ਲਿਆ ਗਿਆ ਸੀ। ਜ਼ਿਕਰਯੋਗ ਕਿ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ਨਗਦ ਇਨਾਮ ਰਾਸ਼ੀ ਤੇ ਟਰਾਫ਼ੀ  ਵੀ ਰੱਖੀ। 
ਕਾਲਜ ਦੇ ਵਿਦਿਆਰਥੀਆਂ ਵਿਚੋਂ ਹਰਸ਼ਦੀਪ ਸਿੰਘ ਨੇ 31 ਕਾਲਜਾਂ ਨਾਲ ਮੁਕਾਬਲਾ ਕਰਦਿਆਂ ਪੋਸਟਰ ਮੇਕਿੰਗ ਮੁਕਾਬਲਿਆਂ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ 8000ਰੁ ਦੀ ਨਗਦ ਰਾਸ਼ੀ ਤੇ ਟਰਾਫ਼ੀ ਜਿੱਤੀ। ਸ਼ਾਹਿਦ ਅਲੀ ਵੱਲੋਂ 23ਕਾਲਜਾਂ ਨਾਲ ਮੁਕਾਬਲਾ ਕਰਦਿਆਂ ਲੋਕ ਗੀਤ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਕੇ 11000ਦੀ ਨਗਦ ਰਾਸ਼ੀ ਤੇ ਟਰਾਫ਼ੀ ਜਿੱਤੀ। ਸੁਖਮਨਵੀਰ ਵੱਲੋਂ ਕਵਿਤਾ  ਮੁਕਾਬਲਿਆਂ ਦੀਆਂ 26ਟੀਮਾਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਕੇ 2000 ਦੀ ਨਗਦ ਰਾਸ਼ੀ ਤੇ ਟਰਾਫ਼ੀ ਜਿੱਤੀ। 
ਇਸ ਤਰ੍ਹਾਂ ਕਾਲਜ ਵੱਲੋਂ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਕੇ ਸਿੱਖ ਨੈਸ਼ਨਲ ਕਾਲਜ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਹੁਰਾਂ ਪੰਜਾਬ ਸਰਕਾਰ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਕਾਲਜ ਪੁੱਜਣ ਤੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਤਰਸੇਮ ਸਿੰਘ, ਕਲਚਰ ਡੀਨ ਗੁਰਵਿੰਦਰ ਸਿੰਘ, ਡਿਪਟੀ ਡੀਨ ਸ. ਮਨਮੰਤ ਸਿੰਘ ਲਾਇਬ੍ਰੇਰੀਅਨ, ਪ੍ਰੋ਼. ਤਜਿੰਦਰ ਸਿੰਘ ਤੇ ਸੁਪ੍ਰਿੰਟੈਂਡੈਂਟ ਸ. ਪਰਮਜੀਤ ਸਿੰਘ ਨਾਲ ਜੇਤੂ ਵਿਦਿਆਰਥੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।