ਨਵਾਂਸ਼ਹਿਰ (ਦੇਸ ਰਾਜ ਬਾਲੀ):- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਡੀ-ਜ਼ੋਨ ਦੇ ਜ਼ੋਨਲ ਯੁਵਕ ਮੇਲੇ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਆਪਣੀ ਕਲਾ ਤੇ ਸੱਭਿਆਚਾਰਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਛੇਵੀਂ ਵਾਰ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਮ ਕਰਕੇ ਇਤਿਹਾਸਕ ਪ੍ਰਾਪਤੀ ਦਰਜ ਕੀਤੀ। ਕਾਲਜ ਨੇ ਵੱਖ-ਵੱਖ ਕਲਾਤਮਕ, ਸੰਗੀਤਕ, ਰੰਗਮੰਚ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 100 ਅੰਕ ਹਾਸਲ ਕੀਤੇ।
ਇਹ ਮਾਣਮੱਤੀ ਪ੍ਰਾਪਤੀ ਕਾਲਜ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਦੀ ਅਗਵਾਈ ਹੇਠ ਸੰਭਵ ਹੋਈ। ਵਿਦਿਆਰਥੀਆਂ ਨੇ ਡੀਨ ਸੱਭਿਆਚਾਰਕ ਮਾਮਲੇ ਡਾ. ਗੁਰਵਿੰਦਰ ਸਿੰਘ ਅਤੇ ਸਹਾਇਕ ਡੀਨ/ਲਾਇਬ੍ਰੇਰੀਅਨ ਮਨਮੰਤ ਸਿੰਘ ਦੀ ਪ੍ਰੇਰਨਾ ਅਤੇ ਅਗਵਾਈ ਹੇਠ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਕੋਮਲ ਕਲਾਵਾਂ ਦੇ ਮੁਕਾਬਲਿਆਂ ਵਿੱਚ ਕੋਲਾਜ, ਫੁਲਕਾਰੀ ਅਤੇ ਪੇਂਟਿੰਗ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਰਟੂਨਿੰਗ ਅਤੇ ਪੋਸਟਰ ਮੇਕਿੰਗ ਨੇ ਦੂਜਾ ਸਥਾਨ, ਜਦਕਿ ਕਲੇਅ ਮਾਡਲਿੰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੰਗੀਤ ਦੇ ਮੁਕਾਬਲਿਆਂ ਵਿੱਚ ਕਲਾਸੀਕਲ ਵੋਕਲ ਸੋਲੋ ਨੇ ਪਹਿਲਾ ਸਥਾਨ ਹਾਸਲ ਕੀਤਾ। ਗਰੁੱਪ ਸੌਂਗ, ਸ਼ਬਦ/ਭਜਨ, ਗੀਤ, ਗ਼ਜ਼ਲ ਅਤੇ ਵੈਸਟਰਨ ਗਰੁੱਪ ਸੌਂਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਕਵਿਸ਼ਰੀ, ਵੈਸਟਰਨ ਵੋਕਲ ਸੋਲੋ ਅਤੇ ਵੈਸਟਰਨ ਇੰਸਟਰੂਮੈਂਟਲ ਸੋਲੋ ਨੇ ਤੀਜਾ ਸਥਾਨ ਹਾਸਲ ਕੀਤਾ।
ਰੰਗਮੰਚ ਦੇ ਮੁਕਾਬਲਿਆਂ ਵਿੱਚ ਸਕਿੱਟ ਨੇ ਪਹਿਲਾ ਸਥਾਨ, ਮਾਈਮ ਨੇ ਦੂਜਾ ਸਥਾਨ ਅਤੇ ਮਿਮਿਕਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਸਾਹਿਤਕ ਮੁਕਾਬਲਿਆਂ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਣ ਵਿੱਚ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬੀ ਅਤੇ ਅੰਗਰੇਜ਼ੀ ਵਾਦ-ਵਿਵਾਦ ਵਿੱਚ ਵੀ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕਵਿਤਾ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਸਿੱਖ ਨੈਸ਼ਨਲ ਕਾਲਜ ਬੰਗਾ ਨੇ 100 ਅੰਕ ਹਾਸਲ ਕਰਕੇ ਲਗਾਤਾਰ ਛੇਵੀਂ ਵਾਰ ਡੀ-ਜ਼ੋਨ ਦੇ ਜ਼ੋਨਲ ਯੁਵਕ ਮੇਲੇ ਦੀ ਓਵਰਆਲ ਚੈਂਪੀਅਨਸ਼ਿਪ ਜਿੱਤ ਲਈ। ਇਹ ਪ੍ਰਾਪਤੀ ਕਾਲਜ ਦੀ ਕਲਾ, ਸਾਹਿਤ, ਸੰਗੀਤ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਲਗਾਤਾਰ ਉੱਤਮ ਪ੍ਰਦਰਸ਼ਨ ਦੀ ਗਵਾਹੀ ਭਰਦੀ ਹੈ।
ਇਸ ਇਤਿਹਾਸਕ ਜਿੱਤ ’ਤੇ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਸਮੂਹ ਵਿਦਿਆਰਥੀਆਂ, ਡੀਨ ਸੱਭਿਆਚਾਰਕ ਮਾਮਲੇ ਡਾ. ਗੁਰਵਿੰਦਰ ਸਿੰਘ, ਸਹਾਇਕ ਡੀਨ/ਲਾਇਬ੍ਰੇਰੀਅਨ ਮਨਮੰਤ ਸਿੰਘ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਪ੍ਰੋ. ਦਿਲ ਨਿਵਾਜ਼ (ਇੰਚਾਰਜ ਕੋਮਲ ਕਲਾਵਾਂ), ਪ੍ਰੋ. ਮਨਮੰਤ ਸਿੰਘ (ਇੰਚਾਰਜ ਸੰਗੀਤ), ਪ੍ਰੋ. ਮੁਨੀਸ਼ ਸੰਧੀਰ (ਇੰਚਾਰਜ ਰੰਗਮੰਚ) ਅਤੇ ਡਾ. ਨਿਰਮਲਜੀਤ ਕੌਰ (ਇੰਚਾਰਜ ਸਾਹਿਤਕ ਗਤੀਵਿਧੀਆਂ) ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਯੋਗ ਅਗਵਾਈ ਅਤੇ ਕਾਲਜ ਦੀ ਕਲਾ ਤੇ ਸੱਭਿਆਚਾਰ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀ ਲਗਾਤਾਰ ਛੇ ਸਾਲਾਂ ਤੋਂ ਯੁਵਕ ਮੇਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਟਰਾਫੀ ਨਹੀਂ, ਸਗੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਲਗਾਤਾਰ ਮਿਹਨਤ, ਸਿਰਜਣਾਤਮਕਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ।
