ਪਟਿਆਲਾ, 21 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਸ਼੍ਰੀ ਸਨਾਤਨ ਧਰਮ ਟਰੱਸਟ ਵੱਲੋਂ ਪ੍ਰਸਿੱਧ ਕਥਾਵਾਚਕ ਅਤੇ ਅਧਿਆਤਮਕ ਪ੍ਰਵਚਨਕਰਤਾ ਜੈ ਕਿਸ਼ੋਰੀ ਜੀ ਦੇ ਹੋਣ ਵਾਲੇ ਵਿਸ਼ਾਲ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਤਹਿਤ ਅੱਜ ਸਥਾਨਕ ਐੱਸ.ਡੀ.ਕੇ.ਐੱਸ. ਭਵਨ ਵਿਖੇ ਸੱਦਾ ਪੱਤਰ ਜਾਰੀ ਕਰਨ ਦਾ ਸਮਾਰੋਹ ਕਰਵਾਇਆ ਗਿਆ। ਦੱਸਿਆ ਗਿਆ ਕਿ ਪਟਿਆਲਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕਰਨ ਲਈ ਇੰਨੇ ਵੱਡੇ ਪੱਧਰ ’ਤੇ ਵਿਸ਼ੇਸ਼ ਲਾਂਚਿੰਗ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ਼ਹਿਰ ਦੀਆਂ ਲਗਭਗ ਸਾਰੀਆਂ ਪ੍ਰਮੁੱਖ, ਵਪਾਰਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਸੱਦਾ ਪੱਤਰ ਜਾਰੀ ਕਰਨ ਮੌਕੇ ਇਨਾਇਤ ਗਰੁੱਪ ਤੋਂ ਸੰਦੀਪ ਮਾਨ, ਕੁਨਾਲ ਡਿਵੈਲਪਰਜ਼ ਤੋਂ ਕੁਨਾਲ ਗਰਗ, ਰੁਦਰਾ ਲੈਂਡ ਪ੍ਰਮੋਟਰਜ਼ ਤੋਂ ਮਨੀਸ਼ ਗੋਇਲ ਅਤੇ ਰਿਤਿਕ ਬਾਂਸਲ, ਕਲਾ ਨਿਧੀ ਜਿਊਲਰਜ਼ ਤੋਂ ਕਮਲ ਅਗਰਵਾਲ, ਯੂਨੀਕੋ ਪ੍ਰਿੰਦਾਵਨ ਦੇ ਨੁਮਾਇੰਦਿਆਂ ਅਤੇ ਸ਼੍ਰੀ ਸਨਾਤਨ ਧਰਮ ਟਰੱਸਟ ਦੇ ਸਮੂਹ ਟਰੱਸਟੀਆਂ—ਰਚਿਨ ਬਾਂਸਲ (ਰਿਚੀ ਡਕਾਲਾ), ਦਿਨੇਸ਼ ਅਗਰਵਾਲ, ਸੁਮਿਤ ਗੋਇਲ, ਧਰਮ ਬਾਂਸਲ, ਰਾਮ ਬਾਂਸਲ ਡਕਾਲਾ, ਮਹੇਸ਼ ਗੁਪਤਾ, ਰਾਜਨ ਸਿੰਗਲਾ ਅਤੇ ਹਿਤੇਸ਼ ਸਿੰਗਲਾ—ਨੇ ਸਾਂਝੇ ਤੌਰ ’ਤੇ ਜੈ ਕਿਸ਼ੋਰੀ ਜੀ ਦੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕੀਤਾ। ਇਸ ਮੌਕੇ ਭੂਸ਼ਣ ਗੁਪਤਾ, ਰਜਿੰਦਰ ਮਲਿਕ (ਰੌਬਰਟ), ਕੁਮਾਰ ਪ੍ਰਾਪਰਟੀਜ਼ ਤੋਂ ਪ੍ਰਵੀਨ ਗੋਇਲ, ਅਹੂਜਾ ਪ੍ਰਾਪਰਟੀਜ਼ ਤੋਂ ਗੁਲਸ਼ਨ ਅਹੂਜਾ, ਰਾਜੇਸ਼ ਪੰਜੋਲਾ ਅਤੇ ਦੇਵੀ ਦਿਆਲ ਗੋਇਲ ਵੀ ਹਾਜ਼ਰ ਸਨ।
ਟਰੱਸਟ ਦੇ ਨੁਮਾਇੰਦਿਆਂ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਵਿੱਚ ਜੈ ਕਿਸ਼ੋਰੀ ਜੀ ਦੇ ਆਗਮਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਇਸ ਪਵਿੱਤਰ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਹਰ ਪੱਧਰ ’ਤੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਧਾਰਮਿਕ ਸਮਾਗਮ ਦੇ ਵਿਸ਼ੇਸ਼ ਨਿਵੇਦਕ ਵਜੋਂ ਜੁੜੇ ਸ਼੍ਰੀ ਮੋਹਿਤ ਮੋਹਿੰਦਰਾ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਦੀ ਧਰਤੀ ’ਤੇ ਜੈ ਕਿਸ਼ੋਰੀ ਜੀ ਦਾ ਆਗਮਨ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਸਨਾਤਨ ਧਰਮ ਟਰੱਸਟ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਮੋਹਿਤ ਮੋਹਿੰਦਰਾ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਪਵਿੱਤਰ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਸ ਪਾਵਨ ਮੌਕੇ ਦਾ ਭਰਪੂਰ ਲਾਹਾ ਲੈਣ।
