ਅੰਬਾਲਾ, 11 ਅਕਤੂਬਰ (ਆਰ. ਸਿੰਘ):- ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਹਰਿਆਣਾ ਇਕਾਈ ਨੂੰ ਅੱਜ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਗੁਰਦੁਆਰਾ ਮੰਜੀ ਸਾਹਿਬ, ਅੰਬਾਲਾ ਸ਼ਹਿਰ ਦੇ ਗੈਸਟ ਹਾਊਸ ਵਿੱਚ ਹੋਈ ਪਾਰਟੀ ਦੀ ਮੀਟਿੰਗ ਦੌਰਾਨ ਯਮੁਨਾਨਗਰ ਜ਼ਿਲ੍ਹੇ ਤੋਂ ਪ੍ਰਭਸਿਮਰਨ ਸਿੰਘ ਅਤੇ ਲਖਵਿੰਦਰ ਸਿੰਘ ਬਸੰਤਪੁਰਾ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ, ਅੰਬਾਲਾ ਜ਼ਿਲ੍ਹੇ ਦੇ ਸਾਹਾ ਖੇਤਰ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰਜੀਤ ਸਿੰਘ ਵਾਸੂਦੇਵਾ, ਨਰਿੰਦਰ ਸਿੰਘ ਸਾਹਾ, ਸਰਬਜੀਤ ਸਿੰਘ ਸਾਹਾ, ਮਨਵਿੰਦਰ ਸਿੰਘ ਸਾਹਾ, ਨਰਿੰਦਰ ਸਿੰਘ ਬਾਠ ਸਾਹਾ, ਇੰਦਰਜੀਤ ਸਿੰਘ ਸ਼ਿੰਗਾਰੀ, ਹਰਪ੍ਰੀਤ ਸਿੰਘ ਸ਼ਿੰਗਾਰੀ ਅਤੇ ਮਨਜੀਤ ਸਿੰਘ ਰਸ਼ੇੜੀ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ। ਪਾਰਟੀ ਵੱਲੋਂ ਇੰਦਰਜੀਤ ਸਿੰਘ ਵਾਸੂਦੇਵਾ ਨੂੰ ਸਾਹਾ ਖੇਤਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ।

ਹਰਿਆਣਾ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਬਰ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਆਗੂਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਆਗੂਆਂ ਅਤੇ ਵਰਕਰਾਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਸੰਗਠਨ ਦੇ ਵਿਸਥਾਰ ਅਤੇ ਸਰਗਰਮੀ ਦਾ ਪ੍ਰਤੀਕ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਨਵੇਂ ਮੈਂਬਰ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਜਨਤਾ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਗੁਰਬੀਰ ਸਿੰਘ ਤਾਲਕੋਰ, ਜਨਰਲ ਸਕੱਤਰ ਭੁਪਿੰਦਰ ਸਿੰਘ ਲਾਡੀ, ਖ਼ਜ਼ਾਨਚੀ ਜਗਦੀਪ ਸਿੰਘ ਅੰਬਾਲਾ, ਕੋਆਰਡੀਨੇਟਰ ਹਰਸ਼ਦੀਪ ਸਿੰਘ ਅਤੇ ਬੁਲਾਰੇ ਸੁਖਵਿੰਦਰ ਸਿੰਘ ਬਿੱਟਾ ਅੰਬਾਲਾ ਵੀ ਮੌਜੂਦ ਸਨ।