ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਸੀਨੀਅਰ ਆਗੂ, ਅਹੁਦੇਦਾਰ ਅਤੇ ਵਰਕਰ ਲੋਕਾਂ ਨਾਲ ਘਰ-ਘਰ, ਪਿੰਡ-ਪਿੰਡ ਅਤੇ ਹਰੇਕ ਬੂਥ ’ਤੇ ਜਾ ਕੇ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਭਵਿੱਖੀ ਨੀਤੀਆਂ ਬਾਰੇ ਜਾਣਕਾਰੀ ਦੇ ਰਹੇ ਹਨ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਪਿੰਡ ਅਜਨੋਹਾ ਵਿਖੇ ਇੱਕ ਪਰਿਵਾਰਕ ਸਮਾਗਮ ਦੌਰਾਨ ਪ੍ਰੈੱਸ ਨੂੰ ਦਿੱਤੀ।
ਉਨ੍ਹਾਂ ਕਿਹਾ ਕਿ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋ ਵੱਡੀਆਂ ਰੈਲੀਆਂ ਕਰ ਚੁੱਕੇ ਹਨ। ਇਨ੍ਹਾਂ ਰੈਲੀਆਂ ਵਿੱਚ ਹੋਏ ਭਾਰੀ ਇਕੱਠ ਅਤੇ ਵਰਕਰਾਂ ਦੇ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਨੇ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਮੰਚ ਤੋਂ ਸਮਾਜ ਦੇ ਸਾਰੇ ਵਰਗਾਂ ਲਈ ਭਵਿੱਖ ਵਿੱਚ ਬਣਾਈਆਂ ਗਈਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਵਰਕਰ ਅਨਮੋਲ ਸ਼ਰਮਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਅਤੇ ਅਨਮੋਲ ਸ਼ਰਮਾ ਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਪਾਰਟੀ ਲਈ ਹੋਰ ਵੀ ਮਿਹਨਤ, ਲਗਨ, ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਲਈ ਕਿਹਾ।
ਇਸ ਮੌਕੇ ਵਰਿੰਦਰ ਸ਼ਰਮਾ, ਨੀਲਮ ਸ਼ਰਮਾ, ਜਥੇਦਾਰ ਕੁਲਦੀਪ ਸਿੰਘ ਪਰਮਾਰ, ਡਾ. ਜਸਬੀਰ ਸਿੰਘ ਪਰਮਾਰ ਅਜਨੋਹਾ, ਡਾ. ਗੁਰਪ੍ਰੀਤ ਸਿੰਘ ਪਰਮਾਰ ਅਜਨੋਹਾ, ਜੋਰਾ ਸਿੰਘ ਅਤੇ ਅਵਤਾਰ ਸਿੰਘ ਕੈਨੇਡਾ ਸਮੇਤ ਹੋਰ ਲੋਕ ਹਾਜ਼ਰ ਸਨ।
