ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸ਼੍ਰੀਮਤੀ ਆਸ਼ਿਕਾ ਜੈਨ, ਆਈਏਐਸ, ਡਿਪਟੀ ਕਮਿਸ਼ਨਰ-ਕਮ-ਮੁੱਖ ਜਨਗਣਨਾ ਅਧਿਕਾਰੀ, ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੇਟ, ਗੜ੍ਹਸ਼ੰਕਰ ਸ਼੍ਰੀ ਸੰਜੀਵ ਕੁਮਾਰ, ਪੀਸੀਐਸ ਦੀ ਅਗਵਾਈ ਹੇਠ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਤਹਿਤ ਆਮ ਲੋਕਾਂ ਨੂੰ ਸਵੈ-ਗਣਨਾ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਤਹਿਤ ਸ਼੍ਰੀ ਲਵਦੀਪ ਸਿੰਘ ਧੂਤ, ਪੀਆਰਐਸ, ਤਹਿਸੀਲਦਾਰ-ਕਮ-ਚਾਰਜ ਅਧਿਕਾਰੀ, ਗੜ੍ਹਸ਼ੰਕਰ/ਮਾਹਿਲਪੁਰ (ਦਿਹਾਤੀ) ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਇਸੇ ਲੜੀ ਵਿੱਚ ਕੁਆਂਟਮ ਪੇਪਰ ਮਿੱਲ, ਸੈਲਾ ਖੁਰਦ ਵਿਖੇ ਉਦਯੋਗ ਨਾਲ ਜੁੜੇ ਲੋਕਾਂ ਅਤੇ ਮਜ਼ਦੂਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਵਿੱਚ ਮੈਨੇਜਰ ਸ਼੍ਰੀ ਸ਼ਾਮ ਲਾਲ ਬੰਗਾ, ਅਜੇਸ਼ ਗੁਪਤਾ, ਏਵੀਪੀ ਐਡਮਿਨ, ਸੁਰੱਖਿਆ ਅਧਿਕਾਰੀ ਕੈਪਟਨ ਲਖਵੀਰ ਸਿੰਘ, ਸੁਖਦੇਵ ਡਾਨਸੀਵਾਲ ਅਤੇ ਹੋਰ ਨਾਗਰਿਕ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਤਹਿਸੀਲ ਦਫ਼ਤਰ, ਗੜ੍ਹਸ਼ੰਕਰ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਭਾਗੀ ਅਧਿਕਾਰੀਆਂ ਨੂੰ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਅਤੇ ਵਿਭਾਗਾਂ ਨਾਲ ਜੁੜੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਜ਼ੋਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਭਾਰਤ ਦੀ ਜਨਗਣਨਾ-2027 ਦੇਸ਼ ਦੀ ਕੁੱਲ 16ਵੀਂ ਅਤੇ ਆਜ਼ਾਦੀ ਤੋਂ ਬਾਅਦ ਅੱਠਵੀਂ ਜਨਗਣਨਾ ਹੋਵੇਗੀ। ਅਸਲ ਵਿੱਚ ਸਾਲ 2021 ਵਿੱਚ ਹੋਣ ਵਾਲੀ ਇਹ ਜਨਗਣਨਾ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਇਹ ਜਨਗਣਨਾ, ਜਨਗਣਨਾ ਐਕਟ, 1948 ਤਹਿਤ ਕਰਵਾਈ ਜਾ ਰਹੀ ਹੈ। ਇਹ ਦੇਸ਼ ਦੀ ਆਬਾਦੀ ਅਤੇ ਸਮਾਜਿਕ ਤੇ ਆਰਥਿਕ ਸਥਿਤੀ ਦੀ ਵਿਆਪਕ ਅੰਕੜਾ-ਆਧਾਰਿਤ ਤਸਵੀਰ ਪੇਸ਼ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹੈ।
ਜਨਗਣਨਾ-2027 ਭਾਰਤ ਦੀ ਪਹਿਲੀ ਡਿਜੀਟਲ ਜਨਗਣਨਾ ਹੋਣ ਕਰਕੇ ਇੱਕ ਇਤਿਹਾਸਕ ਪ੍ਰਾਪਤੀ ਹੈ। ਤਕਨਾਲੋਜੀ ਦੀ ਵਰਤੋਂ ਨਾਲ ਜਨਗਣਨਾ ਦੀ ਪ੍ਰਕਿਰਿਆ ਨੂੰ ਹੋਰ ਸਰਲ, ਪ੍ਰਭਾਵਸ਼ਾਲੀ ਅਤੇ ਨਾਗਰਿਕਾਂ ਦੀ ਭਾਗੀਦਾਰੀ ਵਾਲਾ ਬਣਾਇਆ ਜਾ ਰਿਹਾ ਹੈ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਆਮ ਨਾਗਰਿਕਾਂ ਨੂੰ ਜਨਗਣਨਾ-2027 ਤਹਿਤ ਉਪਲਬਧ ਸਵੈ-ਗਣਨਾ ਦੀ ਸਹੂਲਤ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਆਪਣੇ ਘਰ-ਪਰਿਵਾਰ ਦਾ ਵੇਰਵਾ ਆਨਲਾਈਨ ਦਰਜ ਕਰਨ ਲਈ ਪ੍ਰੇਰਿਤ ਕਰਨਾ ਹੈ।
ਹੁਸ਼ਿਆਰਪੁਰ ਉੱਚ ਸਾਖਰਤਾ ਵਾਲਾ ਜ਼ਿਲ੍ਹਾ ਹੈ ਅਤੇ ਸਵੈ-ਗਣਨਾ ਵਿੱਚ ਵੱਧ ਭਾਗੀਦਾਰੀ ਇਸ ਦੀ ਇਸ ਪਛਾਣ ਨੂੰ ਹੋਰ ਮਜ਼ਬੂਤ ਕਰੇਗੀ। ਸਾਲ 1881 ਤੋਂ ਸ਼ੁਰੂ ਹੋਏ ਜਨਗਣਨਾ ਦੇ ਲੰਮੇ ਇਤਿਹਾਸ ਵਿੱਚ ਪਹਿਲੀ ਵਾਰ ਨਾਗਰਿਕਾਂ ਲਈ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ 2026 ਤੋਂ 30 ਨਵੰਬਰ 2026 ਤੱਕ ਉਪਲਬਧ ਕਰਵਾਈ ਗਈ ਹੈ। ਇਸ ਲਈ ਅਧਿਕਾਰਤ ਸਵੈ-ਗਣਨਾ ਪੋਰਟਲ https://se.census.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਤਹਿਸੀਲਦਾਰ-ਕਮ-ਚਾਰਜ ਅਧਿਕਾਰੀ, ਗੜ੍ਹਸ਼ੰਕਰ (ਦਿਹਾਤੀ) ਦੀ ਤਕਨੀਕੀ ਟੀਮ ਦੇ ਮੁਖੀ ਸਰਦਾਰ ਸਤਵੰਤ ਸਿੰਘ, ਫੀਲਡ ਟ੍ਰੇਨਰ ਸ਼੍ਰੀ ਸੁੰਦਰ ਮਣੀਅਮ, ਸ਼੍ਰੀ ਮਨੋਜ ਕੁਮਾਰ ਬੰਗਾ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਗੁਰਿਬੰਦਰ ਸਿੰਘ, ਸ਼੍ਰੀ ਸਤੀਸ਼ ਕੁਮਾਰ, ਸ਼੍ਰੀ ਬਲਰਾਜ, ਤਕਨੀਕੀ ਸਹਾਇਕ ਮਿਸ ਤਨਜੀਤ ਅਤੇ ਜਨਗਣਨਾ ਕਲਰਕ ਸ਼੍ਰੀ ਰਿਤੇਸ਼ ਕੁਮਾਰ ਸਮੇਤ ਜਨਗਣਨਾ ਕੋਰ ਟੀਮ, ਗੜ੍ਹਸ਼ੰਕਰ (ਦਿਹਾਤੀ), ਹੁਸ਼ਿਆਰਪੁਰ ਨੇ ਸਰਗਰਮ ਭੂਮਿਕਾ ਨਿਭਾਈ। ਇਨ੍ਹਾਂ ਦੇ ਨਾਲ ਸੁਪਰਵਾਈਜ਼ਰਾਂ, ਗਣਨਾਕਾਰਾਂ ਅਤੇ ਹੋਰ ਸਬੰਧਤ ਫੀਲਡ ਅਧਿਕਾਰੀਆਂ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ।
ਇਸੇ ਲੜੀ ਵਿੱਚ ਗੜ੍ਹਸ਼ੰਕਰ/ਮਾਹਿਲਪੁਰ ਤਹਿਸੀਲ ਦੀਆਂ ਉਹ ਗ੍ਰਾਮ ਪੰਚਾਇਤਾਂ ਅਤੇ ਸੰਸਥਾਵਾਂ, ਜੋ ਆਉਣ ਵਾਲੇ ਦਿਨਾਂ ਵਿੱਚ ਸੈਮੀਨਾਰ ਕਰਵਾਉਣ ਦੀਆਂ ਇੱਛੁਕ ਹਨ, ਉੱਥੇ ਜਾਗਰੂਕਤਾ ਸੈਮੀਨਾਰ ਜਾਰੀ ਰਹਿਣਗੇ।
