ਪਟਿਆਲਾ:- ਵਪਾਰਕ ਅਤੇ ਸਿੱਖਿਆ ਸੰਸਥਾਵਾਂ ਅਕਸਰ ਫਾਇਰ ਸੇਫਟੀ ਸਰਟੀਫਿਕੇਟ ਹਾਸਲ ਕਰਕੇ ਅਤੇ ਅੱਗ ਬੁਝਾਉਣ ਵਾਲੇ ਸਿਲੰਡਰ ਕੰਧਾਂ 'ਤੇ ਲਗਾ ਕੇ ਇਹ ਸਮਝ ਲੈਂਦੀਆਂ ਹਨ ਕਿ ਹੁਣ ਉਨ੍ਹਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪਰ ਅਸਲ ਸੁਰੱਖਿਆ ਕੇਵਲ ਟ੍ਰੇਨਿੰਗ, ਨਿਯਮਤ ਅਭਿਆਸ ਅਤੇ ਮੌਕ ਡਰਿੱਲਾਂ ਰਾਹੀਂ ਹੀ ਸੰਭਵ ਹੈ। ਇਹ ਵਿਚਾਰ ਫਸਟ ਏਡ, ਸੇਫਟੀ ਅਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ ਕਾਕਾ ਰਾਮ ਵਰਮਾ ਨੇ ਪ੍ਰਗਟ ਕੀਤੇ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਨਵੀਂ ਦਿੱਲੀ ਅਤੇ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਅਥਾਰਟੀ ਵੱਲੋਂ ਸੁਪਰੀਮ ਕੋਰਟ ਦੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਲ ਵਿੱਚ ਦੋ ਵਾਰ ਫਸਟ ਏਡ, ਫਾਇਰ ਸੇਫਟੀ, ਅੱਗ ਬੁਝਾਊ ਸਿਲੰਡਰਾਂ ਦੀ ਵਰਤੋਂ, ਆਵਾਜਾਈ ਨਿਯਮਾਂ, ਕਾਨੂੰਨਾਂ ਅਤੇ ਜ਼ਿੰਮੇਵਾਰੀਆਂ ਸਬੰਧੀ ਟ੍ਰੇਨਿੰਗ ਅਤੇ ਅਭਿਆਸ ਕਰਵਾਉਣ ਦੇ ਨਾਲ-ਨਾਲ ਘੱਟੋ-ਘੱਟ ਇੱਕ ਮੌਕ ਡਰਿੱਲ ਕਰਵਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਅੱਗ, ਗੈਸ ਲੀਕ, ਬਿਜਲੀ ਜਾਂ ਪੈਟਰੋਲੀਅਮ ਨਾਲ ਜੁੜੀਆਂ ਦੁਰਘਟਨਾਵਾਂ ਦੌਰਾਨ ਪਹਿਲੇ ਦੋ ਮਿੰਟ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਜੇਕਰ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਪਹਿਲਾਂ ਤੋਂ ਸਹੀ ਸਿਖਲਾਈ ਪ੍ਰਾਪਤ ਕਰ ਚੁੱਕੇ ਹੋਣ ਤਾਂ ਜਾਨੀ ਅਤੇ ਮਾਲੀ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਇਹ ਜਾਣਕਾਰੀ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੇ ਸਹਿਯੋਗ ਨਾਲ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ਦੌਰਾਨ ਸਾਂਝੀ ਕੀਤੀ ਗਈ। ਪ੍ਰਿੰਸੀਪਲ ਮਨਪ੍ਰੀਤ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਗ, ਗੈਸ ਅਤੇ ਬਿਜਲੀ ਨਾਲ ਹੋਣ ਵਾਲੀਆਂ ਘਟਨਾਵਾਂ ਦੇ ਕਾਰਨਾਂ, ਅੱਗ ਦੀਆਂ ਵੱਖ-ਵੱਖ ਕਿਸਮਾਂ, ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਸਹੀ ਵਰਤੋਂ, ਘਰਾਂ ਵਿੱਚ ਗੈਸ ਲੀਕ ਹੋਣ ਦੀ ਸਥਿਤੀ, ਬਿਜਲੀ ਦੇ ਕਰੰਟ ਤੋਂ ਬਚਾਅ ਅਤੇ ਐਮਰਜੈਂਸੀ ਸਮੇਂ ਨੱਕ ਅਤੇ ਮੂੰਹ 'ਤੇ ਗਿੱਲਾ ਕੱਪੜਾ ਬੰਨ੍ਹ ਕੇ ਜ਼ਮੀਨ 'ਤੇ ਵੈਂਟੀਲੇਟਰ ਪੁਜ਼ੀਸ਼ਨ ਵਿੱਚ ਰਹਿਣ ਸਮੇਤ ਹੈਲਪਲਾਈਨ ਨੰਬਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪ੍ਰੋਗਰਾਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਪ੍ਰਿੰਸੀਪਲ ਮਨਪ੍ਰੀਤ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਫ਼ਤ ਪ੍ਰਬੰਧਨ, ਫਸਟ ਏਡ ਅਤੇ ਫਾਇਰ ਸੇਫਟੀ ਵਰਗੀਆਂ ਟ੍ਰੇਨਿੰਗਾਂ ਬਹੁਤ ਜ਼ਰੂਰੀ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਵਿਦਿਆਰਥੀਆਂ, ਅਧਿਆਪਕਾਂ, ਸਟਾਫ ਮੈਂਬਰਾਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਫਸਟ ਏਡ, ਸੀ.ਪੀ.ਆਰ., ਫਾਇਰ ਸੇਫਟੀ, ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ, ਆਫ਼ਤ ਪ੍ਰਬੰਧਨ ਅਤੇ ਸਿਵਲ ਡਿਫੈਂਸ ਸਬੰਧੀ ਸਿਖਲਾਈ ਦਿੱਤੀ ਜਾਵੇਗੀ।