ਹੁਸ਼ਿਆਰਪੁਰ, 03 ਅਕਤੂਬਰ (ਦਲਜੀਤ ਅਜਨੋਹਾ):- ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਸ੍ਰੀ ਅਵਿਨਾਸ਼ ਰਾਏ ਖੰਨਾ ਨੂੰ ਝੋਨੇ ਦੀ ਖਰੀਦ ਸੀਜ਼ਨ 2026-27 ਦੌਰਾਨ ਰਾਈਸ ਮਿਲਰਜ਼ ਨੂੰ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਰਾਈਸ ਮਿਲਿੰਗ ਉਦਯੋਗ ਨੂੰ ਆਰਥਿਕ ਸੰਕਟ ਤੋਂ ਬਚਾਉਣ ਅਤੇ ਝੋਨੇ ਦੀ ਖਰੀਦ, ਭੰਡਾਰਨ ਅਤੇ ਚੌਲਾਂ ਦੀ ਡਿਲੀਵਰੀ ਨਾਲ ਜੁੜੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਐਸੋਸੀਏਸ਼ਨ ਨੇ ਖੰਨਾ ਨੂੰ ਦੱਸਿਆ ਕਿ ਪੰਜਾਬ ਵਿੱਚ ਰਾਈਸ ਮਿਲਰਜ਼ ਹਰ ਸਾਲ ਕਿਸਾਨਾਂ ਅਤੇ ਆੜ੍ਹਤੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੇ ਭੰਡਾਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ, ਪਰ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਲਈ ਆਪਣਾ ਕਾਰੋਬਾਰ ਚਲਾਉਣਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜੇਕਰ ਸਮੇਂ ਸਿਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਰਾਈਸ ਮਿਲਿੰਗ ਉਦਯੋਗ ਦੇ ਭਵਿੱਖ ’ਤੇ ਗੰਭੀਰ ਸੰਕਟ ਖੜ੍ਹਾ ਹੋ ਸਕਦਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਚੌਲਾਂ ਦੇ ਭੰਡਾਰਨ ਲਈ ਲੋੜੀਂਦੀ ਜਗ੍ਹਾ ਉਪਲਬਧ ਕਰਵਾਈ ਜਾਵੇ। ਇਸ ਸਾਲ ਦੀ ਫ਼ਸਲ ਦੇ ਲਗਭਗ 35,000 ਤੋਂ 40,000 ਰੈਕ ਚੌਲਾਂ ਦੀ ਡਿਲੀਵਰੀ ਅਜੇ ਵੀ ਬਕਾਇਆ ਹੈ। ਭਾਰਤੀ ਖੁਰਾਕ ਨਿਗਮ ਕੋਲ ਲੋੜੀਂਦੀ ਭੰਡਾਰਨ ਜਗ੍ਹਾ ਨਾ ਹੋਣ ਕਾਰਨ ਮਿਲਰਜ਼ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਨਵੇਂ ਝੋਨੇ ਦਾ ਭੰਡਾਰਨ ਕਰਨਾ ਉਨ੍ਹਾਂ ਲਈ ਆਰਥਿਕ ਜੋਖਮ ਬਣ ਗਿਆ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਰਕਾਰ 31 ਮਾਰਚ ਤੱਕ ਲੋੜੀਂਦੀ ਭੰਡਾਰਨ ਜਗ੍ਹਾ ਉਪਲਬਧ ਕਰਵਾਉਣ ਦੀ ਲਿਖਤੀ ਗਾਰੰਟੀ ਦੇਵੇ ਅਤੇ ਦੇਰੀ ਹੋਣ ਦੀ ਸੂਰਤ ਵਿੱਚ ਚੌਲਾਂ ਦੀ ਰਿਕਵਰੀ ਸਬੰਧੀ ਰਿਆਇਤਾਂ ਦੀ ਨੀਤੀ ਸਪੱਸ਼ਟ ਕਰੇ।

ਖੰਨਾ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਉਹ ਰਾਈਸ ਮਿਲਰਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਨੈਯਰ, ਸਰਪ੍ਰਸਤ ਸ੍ਰੀ ਪਰਮਜੀਤ ਸਿੰਘ ਮੋਟੀਆ, ਸੀਨੀਅਰ ਮੀਤ ਪ੍ਰਧਾਨ ਸ੍ਰੀ ਵੀਰੇਂਦਰ ਅਗਰਵਾਲ ਅਤੇ ਜਨਰਲ ਸਕੱਤਰ ਸ੍ਰੀ ਮਨਦੀਪ ਸਿੰਘ ਮਨੀ ਵੀ ਹਾਜ਼ਰ ਸਨ।