ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਅੱਜਕੱਲ੍ਹ ਆਨਲਾਈਨ ਖਰੀਦਦਾਰੀ ਦਾ ਰੁਝਾਨ ਇਸ ਹੱਦ ਤੱਕ ਵਧ ਗਿਆ ਹੈ ਕਿ ਲੋਕ ਇਸ ਨੂੰ ਸਟੇਟਸ ਸਿੰਬਲ ਵਜੋਂ ਦੇਖਣ ਲੱਗ ਪਏ ਹਨ। ਪਿਛਲੇ ਪੰਜ ਸਾਲਾਂ ਦੌਰਾਨ ਆਨਲਾਈਨ ਵਿਕਰੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਸਥਾਨਕ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਈਆਂ ਹਨ। ਆਨਲਾਈਨ ਵਿਕਰੀ ਦੇ ਵਾਧੇ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਭਾਰਤੀ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਮੌਸਮ ਦੌਰਾਨ ਘੱਟ ਤੋਂ ਘੱਟ ਆਨਲਾਈਨ ਖਰੀਦਦਾਰੀ ਕਰਨ।

ਉਨ੍ਹਾਂ ਕਿਹਾ ਕਿ ਇੱਕ ਅੰਦਾਜ਼ੇ ਅਨੁਸਾਰ ਇਸ ਸਮੇਂ ਭਾਰਤ ਦਾ ਆਨਲਾਈਨ ਬਾਜ਼ਾਰ 8 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਜਾ ਰਿਹਾ ਹੈ। ਇਸ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਰਿਆਨੇ ਦੀਆਂ ਵਸਤਾਂ ਦੀ ਆਨਲਾਈਨ ਵਿਕਰੀ ਵਿੱਚ ਲਗਭਗ 55 ਫ਼ੀਸਦੀ ਵਾਧਾ ਹੋਇਆ ਹੈ। ਪਿਛਲੇ ਪੰਜ ਸਾਲਾਂ ਦੌਰਾਨ ਕੁੱਲ ਆਨਲਾਈਨ ਵਿਕਰੀ ਵਿੱਚ ਕਰੀਬ 25 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਆਨਲਾਈਨ ਵਿਕਰੀ ਦਾ ਲਾਭ ਸਿਰਫ਼ ਵੱਡੀਆਂ ਕੰਪਨੀਆਂ ਨੂੰ ਹੋ ਰਿਹਾ ਹੈ, ਜਦਕਿ ਛੋਟੇ ਦੁਕਾਨਦਾਰਾਂ ਅਤੇ ਦਰਮਿਆਨੇ ਕਾਰੋਬਾਰੀਆਂ, ਜੋ ਸਮਾਜਿਕ ਤਾਣੇ-ਬਾਣੇ ਦੀ ਰੀੜ੍ਹ ਦੀ ਹੱਡੀ ਹਨ, ਦੇ ਕਾਰੋਬਾਰ ਖੁੱਸ ਰਹੇ ਹਨ ਅਤੇ ਉਹ ਬੇਰੁਜ਼ਗਾਰ ਹੋਣ ਦੀ ਕਗਾਰ ’ਤੇ ਹਨ। ਇੰਨਾ ਹੀ ਨਹੀਂ, ਇਨ੍ਹਾਂ ਕਾਰੋਬਾਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਰਹੇ ਹਨ।

ਇਸ ਸਮੇਂ ਕਰਿਆਨੇ ਤੋਂ ਇਲਾਵਾ ਕਾਸਮੈਟਿਕਸ, ਕੱਪੜੇ ਅਤੇ ਫਰਨੀਚਰ ਵਰਗੀਆਂ ਵਸਤਾਂ ਵੀ ਵੱਡੀ ਮਾਤਰਾ ਵਿੱਚ ਆਨਲਾਈਨ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਆਨਲਾਈਨ ਵਿਕਰੀ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ, ਤਾਂ ਬਹੁਤ ਸਾਰੇ ਕਾਰੋਬਾਰੀ ਵੱਡੀਆਂ ਕੰਪਨੀਆਂ ਦੇ ਸਿਰਫ਼ ਮੁਲਾਜ਼ਮ ਬਣ ਕੇ ਰਹਿ ਜਾਣਗੇ। ਇਸ ਦੇ ਨਤੀਜੇ ਵਜੋਂ ਭਾਰਤ ਦੀ ਮਜ਼ਬੂਤ ਹੋ ਰਹੀ ਅਰਥਵਿਵਸਥਾ ਪਛੜ ਜਾਵੇਗੀ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਰੇ ਭਾਰਤੀਆਂ ਨੂੰ ਆਨਲਾਈਨ ਖਰੀਦਦਾਰੀ ਦੀ ਬਜਾਏ ਸਥਾਨਕ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਤੋਂ ਹੀ ਵਸਤਾਂ ਖਰੀਦਣੀਆਂ ਚਾਹੀਦੀਆਂ ਹਨ। ਇਸ ਨਾਲ ਗਰੀਬ ਲੋਕਾਂ ਦਾ ਭਲਾ ਹੋਵੇਗਾ ਅਤੇ ਭਾਰਤ ਦੀ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ।