ਜ਼ੀਰਕਪੁਰ:- ਪੰਜਾਬ ਦੇ ਮੋਹਾਲੀ ਜ਼ਿਲ੍ਹੇ ਪੁਲਿਸ ਨੇ ਜ਼ੀਰਕਪੁਰ ਦੇ ਪਭਾਤ ਗੋਦਾਮ ਏਰੀਆ ਵਿੱਚ ਇਕ ਵੱਡੀ ਕਾਰਵਾਈ ਕਰਦੇ ਹੋਏ ਨਕਲੀ ਦਵਾਈਆਂ ਬਣਾਉਣ ਵਾਲੇ ਗਿਰੋਹ ਦਾ ਭਾਂਡਾ ਫੋੜਿਆ ਹੈ। ਦੇਰ ਸ਼ਾਮ ਪੁਲਿਸ ਦੀਆਂ ਟੀਮਾਂ ਨੇ ਦੋ ਫੈਕਟਰੀਆਂ ‘ਤੇ ਛਾਪਾ ਮਾਰਿਆ, ਜਿੱਥੇ ਵੱਡੇ ਪੈਮਾਨੇ ‘ਤੇ ਗੈਰਕਾਨੂੰਨੀ ਅਤੇ ਮਿਆਰਾਂ ਦੇ ਉਲਟ ਐਲੋਪੈਥਿਕ ਅਤੇ ਆਯੁਰਵੇਦਿਕ ਦਵਾਈਆਂ ਬਣਾਈਆਂ ਜਾ ਰਹੀਆਂ ਸਨ।
ਪੁਲਿਸ ਨੇ ਮੌਕੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਫੂਡ ਸੇਫ਼ਟੀ ਅਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ। ਜਾਂਚ ਦੌਰਾਨ ਇਹਨਾਂ ਫੈਕਟਰੀਆਂ ਤੋਂ ਵੱਡੀ ਮਾਤਰਾ ਵਿੱਚ ਨਕਲੀ ਐਲੋਪੈਥਿਕ ਦਵਾਈਆਂ, ਆਯੁਰਵੇਦਿਕ ਉਤਪਾਦ, ਫੂਡ ਸਪਲੀਮੈਂਟਸ ਅਤੇ ਬਿਊਟੀ ਪ੍ਰੋਡਕਟਸ ਜ਼ਬਤ ਕੀਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫੈਕਟਰੀਆਂ ਬਿਨਾਂ ਕਿਸੇ ਵੈਧ ਲਾਇਸੈਂਸ ਦੇ ਅਤੇ ਬਹੁਤ ਗੰਦੇ ਮਾਹੌਲ ਵਿੱਚ ਚਲਾਈ ਜਾ ਰਹੀਆਂ ਸਨ। 
ਸ਼ੁਰੂਆਤੀ ਜਾਂਚ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਵਿੱਚੋਂ ਇੱਕ ਫੈਕਟਰੀ ਦੇ ਸੈਂਪਲ ਪਹਿਲਾਂ ਵੀ ਫੇਲ ਹੋ ਚੁੱਕੇ ਸਨ, ਜਿਸ ਕਾਰਨ ਉਸ ‘ਤੇ 16 ਲੱਖ ਰੁਪਏ ਦਾ ਜੁਰਮਾਨਾ ਲੱਗ ਚੁਕਿਆ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਪਿਛਲੇ ਕਈ ਸਾਲਾਂ ਤੋਂ ਇੱਥੇ ਗੈਰਕਾਨੂੰਨੀ ਸਰਗਰਮੀਆਂ ਜਾਰੀ ਰਹੀਆਂ।
ਛੇ ਘੰਟਿਆਂ ਦੀ ਲੰਬੀ ਕਾਰਵਾਈ ਅਤੇ ਫਿਰ ਕੀਤਾ ਗਿਆ ਸੀਲ
ਡਰੱਗ ਕੰਟਰੋਲ ਵਿਭਾਗ ਦੀ ਟੀਮ ਨੇ ਲਗਭਗ ਛੇ ਘੰਟਿਆਂ ਤੱਕ ਗਹਿਰਾਈ ਨਾਲ ਜਾਂਚ ਕੀਤੀ ਅਤੇ ਉਤਪਾਦਾਂ ਦੇ ਦਰਜਨਾਂ ਸੈਂਪਲ ਇਕੱਠੇ ਕੀਤੇ। ਜਾਂਚ ਦੇ ਬਾਅਦ, ਜ਼ਰੂਰੀ ਮਾਪਦੰਡ ਪੂਰੇ ਨਾ ਕਰਨ ਵਾਲੀ ਇੱਕ ਫੈਕਟਰੀ ਨੂੰ ਮੌਕੇ ‘ਤੇ ਹੀ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਫੈਕਟਰੀ ਪੂਰੀ ਤਰ੍ਹਾਂ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੀ ਸੀ ਅਤੇ ਇੱਥੇ ਬਣੇ ਉਤਪਾਦ ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ ਹੋ ਸਕਦੇ ਸਨ।