ਰਤੀਆ, 16 ਅਕਤੂਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਪੰਜਾਬੀ ਗੀਤਕਾਰ ਬਲਦੇਵ ਬਰੇਟਾ ਵੱਲੋਂ ਲਿਖਿਆ ਨਵਾਂ ਪੰਜਾਬੀ ਗੀਤ ‘ਕਰੂਏ ਦਾ ਵਰਤ’ ਕਰਵਾ ਚੌਥ ਤੋਂ ਪਹਿਲਾਂ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਵਿੱਚ ਪਿਆਰ-ਮੁਹੱਬਤ, ਸੱਭਿਆਚਾਰ ਅਤੇ ਪ੍ਰੇਮੀ-ਪ੍ਰੇਮਿਕਾ ਵਿਚਕਾਰ ਹੋਣ ਵਾਲੀ ਨੋਕ-ਝੋਕ ਦੇ ਨਾਲ ਆਧੁਨਿਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਗੀਤ ਨੂੰ ਇੱਕ ਮਹਿਲਾ ਗਾਇਕਾ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗਾਇਆ ਹੈ।
ਇਸ ਤੋਂ ਪਹਿਲਾਂ ਗਾਇਕ ਸ਼ਾਮ ਸ਼ਰਮੀਲਾ ਅਤੇ ਗਾਇਕਾ ਕੇ. ਕੌਰ ਦੀ ਆਵਾਜ਼ ਵਿੱਚ ਬਲਦੇਵ ਬਰੇਟਾ ਵੱਲੋਂ ਲਿਖੇ ਗੀਤ ‘ਮੇਲਾ ਚਮਕੀਲੇ ਦਾ’ ਨੂੰ ਸਰੋਤਿਆਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਗੀਤ ਨੂੰ 5 ਲੱਖ 60 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਬਲਦੇਵ ਬਰੇਟਾ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਕਈ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ, ਜਿਨ੍ਹਾਂ ਵਿੱਚ ਰੂਬਲ ਰਤੀਆ, ਅਲੀ ਕੇ ਵਾਲਾ ਸ਼ਰਮੀਲਾ, ਗਾਇਕਾ ਕੇ. ਕੌਰ, ਸੋਨਮ ਸਿੱਧੂ, ਦੇਸਾ ਰਤੀਆ, ਜਗਸੀਰ ਖੁਸ਼ਦਿਲ, ਬੇਬੀ ਮੋਨਾ, ਤੇਜਾ ਚੌਹਾਨ, ਰਾਜੇਸ਼ ਮੋਂਗਾ ਅਤੇ ਜੱਗੀ ਖਾਨ ਸ਼ਾਮਲ ਹਨ। ਉਨ੍ਹਾਂ ਦੇ ਪ੍ਰਮੁੱਖ ਗੀਤਾਂ ਵਿੱਚ ‘ਫੋਨ ਤੇ ਚੰਦਰੀ ਰੋ ਪੈਂਦੀ ਹੈ’, ‘ਚਿੱਟਾ’, ‘ਕਾਰਡ’, ‘ਚਿੱਟੇ ਦਾ ਕੇਸ’, ‘ਅਮਲੀ’, ‘ਦਾਜ ਦੀ ਬਲੀ’ ਅਤੇ ‘ਬੱਸ ਬੁਢਲਾਡੇ ਵਾਲੀ’ ਸ਼ਾਮਲ ਹਨ।
