ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਕਤੂਬਰ:- ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਖਾਲਸਾ ਕਾਲਜ, ਫੇਜ਼ 3-ਏ, ਮੋਹਾਲੀ ਵਿਖੇ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ’ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ। ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਮੁਕਾਬਲਿਆਂ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਮਾਂ-ਬੋਲੀ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਨ ਅਤੇ ਨਵੀਂ ਪੀੜ੍ਹੀ ਵਿੱਚ ਸਿਰਜਣਾਤਮਕ ਲੇਖਣ ਦੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਇਹ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਦੇ ਆਯੋਜਨ ਲਈ ਹਰ ਸਾਲ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਮੰਚ ਤੋਂ ਕਵਿਤਾਵਾਂ ਗਾ ਕੇ ਪੇਸ਼ ਕੀਤੀਆਂ। ਕਵਿਤਾ ਰਚਨਾ ਮੁਕਾਬਲੇ (300 ਸ਼ਬਦ) ਲਈ ਮੌਕੇ ’ਤੇ ‘ਮਸ਼ੀਨੀ ਜੀਵਨ’, ‘ਪੰਜ ਦਰਿਆ’ ਅਤੇ ‘ਧਰਤੀ ਮਾਂ ਦੀ ਪੁਕਾਰ’ ਵਿਸ਼ੇ ਦਿੱਤੇ ਗਏ। ਲੇਖ ਰਚਨਾ ਮੁਕਾਬਲੇ (600 ਸ਼ਬਦ) ਲਈ ‘ਏ.ਆਈ.: ਦੋਸਤ ਜਾਂ ਦੁਸ਼ਮਣ’, ‘ਪੰਜਾਬ ਦਾ ਜਲ ਸੰਕਟ’ ਅਤੇ ‘ਮਾਂ-ਬੋਲੀ ਦਾ ਭਵਿੱਖ’ ਵਿਸ਼ੇ ਸਨ। ਕਹਾਣੀ ਰਚਨਾ ਮੁਕਾਬਲੇ (600 ਸ਼ਬਦ) ਲਈ ‘ਸਿਦਕ ਦੀ ਪਰਖ’, ‘ਸੱਥ ਵਾਲਾ ਬੋਹੜ’ ਅਤੇ ‘ਸਰਹਿੰਦ ਦੀ ਕੰਧ’ ਵਿਸ਼ੇ ਦਿੱਤੇ ਗਏ। ਸਾਰੀਆਂ ਵਿਧਾਵਾਂ ਵਿੱਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ।
ਕਵਿਤਾ ਗਾਇਨ ਮੁਕਾਬਲੇ ਵਿੱਚ ਗਿਆਨ ਜਯੋਤੀ ਗਲੋਬਲ ਸਕੂਲ, ਐੱਸ.ਏ.ਐੱਸ. ਨਗਰ ਦੇ ਮਾਨਵਜੀਤ ਸਿੰਘ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਜਾਤੜੀ ਦੀ ਦਿਲਪ੍ਰੀਤ ਕੌਰ ਨੇ ਦੂਜਾ ਅਤੇ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ, ਸੈਕਟਰ-66, ਮੋਹਾਲੀ ਦੇ ਪਵਨੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਕਹਾਣੀ ਰਚਨਾ ਮੁਕਾਬਲੇ ਵਿੱਚ ਸਕੂਲ ਆਫ਼ ਐਮੀਨੈਂਸ, ਡੇਰਾਬੱਸੀ ਦੀ ਰਜਨੀਸ਼ ਕੌਰ ਨੇ ਪਹਿਲਾ, ਇਸੇ ਸਕੂਲ ਦੀ ਮਨਦੀਪ ਕੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ, ਮੌਲੀ ਬੈਦਵਾਣ ਦੀ ਨੈਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਵਿਤਾ ਰਚਨਾ ਮੁਕਾਬਲੇ ਵਿੱਚ ਸਕੂਲ ਆਫ਼ ਐਮੀਨੈਂਸ, ਖਰੜ ਦੀ ਹਰਸ਼ਦੀਪ ਕੌਰ ਧਨੋਆ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਜਾਤੜੀ ਦੀ ਸੁਖਪ੍ਰੀਤ ਕੌਰ ਨੇ ਦੂਜਾ ਅਤੇ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ, ਸੈਕਟਰ-66, ਮੋਹਾਲੀ ਦੇ ਹਰਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਲੇਖ ਰਚਨਾ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਡਵਾਲਾ ਦੀ ਅਨੂ ਨੇ ਪਹਿਲਾ, ਸਕੂਲ ਆਫ਼ ਐਮੀਨੈਂਸ, ਡੇਰਾਬੱਸੀ ਦੇ ਸਵੈਨ ਸਹੋਤਾ ਨੇ ਦੂਜਾ ਅਤੇ ਦਸ਼ਮੇਸ਼ ਖਾਲਸਾ ਪਬਲਿਕ ਸਕੂਲ, ਐੱਸ.ਏ.ਐੱਸ. ਨਗਰ ਦੀ ਗੁਰਸਿਮਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਪੱਧਰ ’ਤੇ ਜੇਤੂ ਵਿਦਿਆਰਥੀ ਪੰਜਾਬੀ ਮਾਹ ਦੌਰਾਨ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਮੁਕਾਬਲਿਆਂ ਦੌਰਾਨ ਨਿਰੀਖਕ ਪੈਨਲ ਵਿੱਚ ਡਾ. ਪੁਸ਼ਪਿੰਦਰ ਕੌਰ, ਮੈਡਮ ਦਿਲਪ੍ਰੀਤ ਕੌਰ, ਡਾ. ਸੁਖਵਿੰਦਰ ਕੌਰ, ਮੈਡਮ ਗੁਰਮੀਤ ਕੌਰ ਅਤੇ ਸ. ਰਮਨਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
