ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ, 22 ਅਕਤੂਬਰ:- ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨੌਜਵਾਨਾਂ ਵਿੱਚ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਮਜ਼ਬੂਤ ਕਰਨ, ਸ਼ੁਰੂਆਤੀ ਦਖ਼ਲ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਾਖੋਰੀ ਨੂੰ ਰੋਕਣ ਵਿੱਚ ਮਦਦ ਕਰਨ ਲਈ ਸੂਬੇ ਭਰ ਦੇ 40 ਕਾਲਜਾਂ ਵਿੱਚ ਸੰਗਤ ਮਾਨਸਿਕ ਸਿਹਤ ਕਲੱਬਾਂ ਦੀ ਸ਼ੁਰੂਆਤ ਕੀਤੀ ਹੈ। ਆਦਿਤਿਆ ਬਿਰਲਾ ਐਜੂਕੇਸ਼ਨ ਟਰੱਸਟ (ਏ.ਬੀ.ਈ.ਟੀ.) ਦੇ ਸਹਿਯੋਗ ਅਤੇ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਉਦੇਸ਼ ਵਿਦਿਅਕ ਕੈਂਪਸਾਂ ਵਿੱਚ ਅਜਿਹਾ ਦੋਸਤਾਨਾ ਮਾਹੌਲ ਬਣਾਉਣਾ ਹੈ, ਜਿੱਥੇ ਵਿਦਿਆਰਥੀ ਭਾਵਨਾਤਮਕ ਪ੍ਰੇਸ਼ਾਨੀ ਨੂੰ ਪਛਾਣ ਸਕਣ, ਢੁਕਵੀਂ ਸਹਾਇਤਾ ਪ੍ਰਾਪਤ ਕਰ ਸਕਣ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰ ਸਕਣ।

ਇਸ ਨਿਵੇਕਲੀ ਪਹਿਲ ਦੇ ਸ਼ੁਭ ਆਰੰਭ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਲੱਬ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਵਿੱਚ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਬਾਰੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਸਮਾਜਿਕ ਹੀਣ-ਭਾਵਨਾ ਨੂੰ ਘਟਾਉਣ, ਨੌਜਵਾਨਾਂ ਨੂੰ ਮਦਦ ਮੰਗਣ ਲਈ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਦਿਅਕ ਸੰਸਥਾਵਾਂ, ਪਰਿਵਾਰਾਂ ਅਤੇ ਸਾਥੀਆਂ ਦੇ ਨੈੱਟਵਰਕਾਂ ਵਿਚਕਾਰ ਆਪਸੀ ਤਾਲਮੇਲ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ।

ਮੋਹਾਲੀ ਸਥਿਤ ਪਲਾਕਸ਼ਾ ਯੂਨੀਵਰਸਿਟੀ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ‘ਸੰਗਤ’ ਜਾਗਰੂਕਤਾ, ਸਾਥੀਆਂ ਦੀ ਸਹਾਇਤਾ ਅਤੇ ਸਮੂਹਿਕ ਯਤਨਾਂ ਰਾਹੀਂ ਨੌਜਵਾਨਾਂ ਨੂੰ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਅਤੇ ਨਸ਼ਾਖੋਰੀ ਨਾਲ ਨਜਿੱਠਣ ਦੇ ਸਮਰੱਥ ਬਣਾਉਣ ਵੱਲ ਇੱਕ ਅਹਿਮ ਅਤੇ ਨਿਵੇਕਲਾ ਕਦਮ ਹੈ। ਉਨ੍ਹਾਂ ਕਿਹਾ, “ਭਗਵਾਨ ਕ੍ਰਿਸ਼ਨ ਦੇ ਨਾਲ ਹੋਣ ਦੇ ਬਾਵਜੂਦ ਮਹਾਨ ਯੋਧੇ ਅਰਜੁਨ ਨੂੰ ਵੀ ਮਾਨਸਿਕ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਨੌਜਵਾਨਾਂ ਨੂੰ ਵੀ ਸਹੀ ਮਾਰਗਦਰਸ਼ਨ ਅਤੇ ਸਲਾਹਕਾਰਾਂ ਦੀ ਲੋੜ ਹੁੰਦੀ ਹੈ। ਨਸ਼ੇ ਕਰਨਾ ਮਾਣ ਵਾਲੀ ਗੱਲ ਨਹੀਂ ਹੈ। ਕਿਸੇ ਨੂੰ ਗਲਤ ਸੰਗਤ ਤੋਂ ਵਾਪਸ ਆਉਣ ਦਾ ਰਸਤਾ ਲੱਭਣ ਵਿੱਚ ਮਦਦ ਕਰਨਾ ਬਹੁਤ ਨੇਕ ਕਾਰਜ ਹੈ। ‘ਸੰਗਤ’ ਨੌਜਵਾਨਾਂ ਵੱਲੋਂ, ਨੌਜਵਾਨਾਂ ਲਈ ਤਿਆਰ ਕੀਤੀ ਗਈ ਹੈ, ਤਾਂ ਜੋ ਸਾਥੀਆਂ ਦੀ ਸਹਾਇਤਾ, ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਹੋਰ ਸਿਹਤਮੰਦ ਵਿਕਲਪ ਚੁਣਨ ਵਿੱਚ ਮਦਦ ਮਿਲੇ।”

ਆਦਿਤਿਆ ਬਿਰਲਾ ਐਜੂਕੇਸ਼ਨ ਟਰੱਸਟ ਅਤੇ ‘ਐਮਪਾਵਰ’ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਰਜਾ ਬਿਰਲਾ ਨੇ ਨੌਜਵਾਨਾਂ ਵਿੱਚ ਭਾਵਨਾਤਮਕ ਚੁਣੌਤੀਆਂ, ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ਾਖੋਰੀ ਦੇ ਆਪਸੀ ਸਬੰਧਾਂ ਨਾਲ ਨਜਿੱਠਣ ਲਈ ਨਿਰੰਤਰ ਅਤੇ ਲੰਬੇ ਸਮੇਂ ਦੇ ਰੋਕਥਾਮ ਉਪਾਵਾਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਅੱਜ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਸਿਰਫ਼ ਨਸ਼ਿਆਂ ਦੀ ਵਰਤੋਂ ਤੱਕ ਸੀਮਤ ਨਹੀਂ ਹਨ। ਭਾਵਨਾਤਮਕ ਤੰਦਰੁਸਤੀ ਅਤੇ ਮਾਨਸਿਕ ਸਿਹਤ ਬਾਰੇ ਵਧਦੀਆਂ ਚਿੰਤਾਵਾਂ ਕਾਰਨ ਸਮੱਸਿਆ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਦਖ਼ਲ ਪਹਿਲਾਂ ਨਾਲੋਂ ਕਿਤੇ ਵੱਧ ਅਹਿਮ ਹੋ ਗਿਆ ਹੈ। ‘ਐਮਪਾਵਰ’ ਵਿੱਚ ‘ਸੀਓਪੀਈ’ ਤਹਿਤ ਕੀਤੇ ਗਏ ਸਾਡੇ ਕੰਮ ਰਾਹੀਂ ਅਸੀਂ ਦੇਖਿਆ ਹੈ ਕਿ ਭਾਵਨਾਤਮਕ ਪ੍ਰੇਸ਼ਾਨੀ, ਮਾਨਸਿਕ ਸਿਹਤ ਨਾਲ ਸਬੰਧਤ ਅਣਗੌਲੀਆਂ ਸਮੱਸਿਆਵਾਂ ਅਤੇ ਨਸ਼ਿਆਂ ਦੀ ਵਰਤੋਂ ਆਪਸ ਵਿੱਚ ਕਿਵੇਂ ਜੁੜੇ ਹੋ ਸਕਦੇ ਹਨ। ਇਹ ਸਥਿਤੀ ਲਗਾਤਾਰ ਅਤੇ ਰੋਕਥਾਮ ਵਾਲੇ ਉਪਾਵਾਂ ਦੀ ਲੋੜ ਨੂੰ ਉਜਾਗਰ ਕਰਦੀ ਹੈ।”

ਪੰਜਾਬ ਸਰਕਾਰ ਦੇ ਸਾਂਝੇ ਅਤੇ ਦੂਰਅੰਦੇਸ਼ ਯਤਨਾਂ ਦੀ ਸ਼ਲਾਘਾ ਕਰਦਿਆਂ ਬਿਰਲਾ ਨੇ ਕਿਹਾ, “ਮੈਂ ਪੰਜਾਬ ਸਰਕਾਰ ਦੀ ਸ਼ਲਾਘਾ ਕਰਦੀ ਹਾਂ ਕਿ ਉਸ ਨੇ ਸਰਕਾਰੀ ਵਿਭਾਗਾਂ, ਸਿਵਲ ਸੁਸਾਇਟੀ ਸੰਸਥਾਵਾਂ, ਸਿੱਖਿਆ ਸ਼ਾਸਤਰੀਆਂ, ਸਿਹਤ ਸੰਭਾਲ ਪੇਸ਼ੇਵਰਾਂ ਅਤੇ ਸਮਾਜਿਕ ਆਗੂਆਂ ਨੂੰ ਇੱਕ ਸਾਂਝੇ ਟੀਚੇ ਤਹਿਤ ਇਕੱਠਾ ਕੀਤਾ ਹੈ। ਇਸ ਦਾ ਉਦੇਸ਼ ਵੱਖ-ਵੱਖ ਪੱਧਰਾਂ ’ਤੇ ਖਿੰਡੇ-ਪੁੰਡੇ ਯਤਨਾਂ ਤੋਂ ਅੱਗੇ ਵਧ ਕੇ ਰੋਕਥਾਮ, ਇਲਾਜ, ਮੁੜ-ਵਸੇਬੇ ਅਤੇ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਕਰਨ ਲਈ ਇੱਕ ਟਿਕਾਊ ਢਾਂਚਾ ਤਿਆਰ ਕਰਨਾ ਹੈ। ਅਜਿਹੇ ਸਹਿਯੋਗੀ ਮਾਡਲ ਪੰਜਾਬ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ’ਤੇ ਸਥਾਈ ਅਤੇ ਅਰਥਪੂਰਨ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੇ ਹਨ।”

ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਅਤੇ ਮਾਨਸਿਕ ਸਿਹਤ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੇ ਅਜਿਹਾ ਸਹਾਇਕ ਮਾਹੌਲ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ, ਜਿੱਥੇ ਨੌਜਵਾਨ ਆਪਣੀਆਂ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਗੱਲ ਕਰ ਸਕਣ। ਉਨ੍ਹਾਂ ਕਿਹਾ, “ਅਸੀਂ ਅਕਸਰ ਨੌਜਵਾਨਾਂ ਨੂੰ ਮਜ਼ਬੂਤ ਬਣਨ ਲਈ ਕਹਿੰਦੇ ਹਾਂ, ਪਰ ਮਜ਼ਬੂਤੀ ਦਾ ਮਤਲਬ ਇਹ ਵੀ ਹੈ ਕਿ ਤੁਸੀਂ ਜੋ ਕੁਝ ਮਹਿਸੂਸ ਕਰ ਰਹੇ ਹੋ, ਉਸ ਬਾਰੇ ਇਮਾਨਦਾਰੀ ਨਾਲ ਗੱਲ ਕਰ ਸਕੋ ਅਤੇ ਲੋੜ ਪੈਣ ’ਤੇ ਮਦਦ ਮੰਗ ਸਕੋ। ਨੌਜਵਾਨਾਂ ਨੂੰ ਦਰਪੇਸ਼ ਦਬਾਅ ਹਮੇਸ਼ਾ ਸਾਹਮਣੇ ਨਹੀਂ ਆਉਂਦੇ। ਇਸ ਲਈ ਦੋਸਤਾਂ, ਪਰਿਵਾਰਾਂ ਅਤੇ ਵਿਦਿਅਕ ਸੰਸਥਾਵਾਂ ਲਈ ਇਹ ਜ਼ਰੂਰੀ ਹੈ ਕਿ ਉਹ ਅਜਿਹਾ ਦੋਸਤਾਨਾ ਮਾਹੌਲ ਬਣਾਉਣ, ਜਿੱਥੇ ਨੌਜਵਾਨਾਂ ਦੀ ਗੱਲ ਸੁਣੀ ਜਾਵੇ, ਨਾ ਕਿ ਉਨ੍ਹਾਂ ਨੂੰ ਸਹੀ-ਗਲਤ ਦੇ ਆਧਾਰ ’ਤੇ ਪਰਖਿਆ ਜਾਵੇ।”

ਉਨ੍ਹਾਂ ਅੱਗੇ ਕਿਹਾ, “ਮੇਰੀ ਦਾਦੀ ਕਿਹਾ ਕਰਦੀ ਸੀ ਕਿ ਭਾਵੇਂ ਕਿੰਨੀਆਂ ਵੀ ਚੁਣੌਤੀਆਂ ਕਿਉਂ ਨਾ ਆਉਣ, ਚੰਗੀ ਸੰਗਤ ਬਹੁਤ ਜ਼ਰੂਰੀ ਹੈ।” ਉਨ੍ਹਾਂ ਕਿਹਾ ਕਿ ‘ਸੰਗਤ’ ਵਰਗੀਆਂ ਪਹਿਲਕਦਮੀਆਂ ਨੌਜਵਾਨਾਂ ਨੂੰ ਇੱਕ-ਦੂਜੇ ਦਾ ਖ਼ਿਆਲ ਰੱਖਣ ਅਤੇ ਮਾਨਸਿਕ ਸਿਹਤ ਬਾਰੇ ਵਧੇਰੇ ਖੁੱਲ੍ਹ ਕੇ ਗੱਲਬਾਤ ਕਰਨ ਲਈ ਉਤਸ਼ਾਹਿਤ ਕਰ ਸਕਦੀਆਂ ਹਨ।

ਇਸ ਪ੍ਰੋਗਰਾਮ ਤਹਿਤ ਹਿੱਸਾ ਲੈਣ ਵਾਲੇ ਹਰੇਕ ਕਾਲਜ ਦੇ 25 ਵਿਦਿਆਰਥੀਆਂ ਨੂੰ ‘ਯੂਥ ਮੈਂਟਲ ਹੈਲਥ ਫਸਟ ਏਡ’ (ਵਾਈ.ਐੱਮ.ਐੱਚ.ਐੱਫ.ਏ.) ਦੀ 14 ਘੰਟਿਆਂ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਇਹ ਸਿਖਲਾਈ ਵਿਦਿਆਰਥੀਆਂ ਨੂੰ ਭਾਵਨਾਤਮਕ ਚੁਣੌਤੀਆਂ ਦੇ ਸੰਕੇਤ ਪਛਾਣਨ, ਸ਼ੁਰੂਆਤੀ ਪੱਧਰ ’ਤੇ ਆਪਣੇ ਸਾਥੀਆਂ ਦੀ ਮਦਦ ਕਰਨ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਪੇਸ਼ੇਵਰ ਸਹਾਇਤਾ ਲੈਣ ਲਈ ਪ੍ਰੇਰਿਤ ਕਰਨ ਦੇ ਯੋਗ ਬਣਾਏਗੀ।

ਇਹ ਕਲੱਬ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ, ਭਾਵਨਾਤਮਕ ਚੁਣੌਤੀਆਂ ਬਾਰੇ ਖੁੱਲ੍ਹੀ ਗੱਲਬਾਤ ਵਧਾਉਣ ਅਤੇ ਨਸ਼ਾਖੋਰੀ ਤੋਂ ਦੂਰ ਰਹਿਣ ਲਈ ਕੈਂਪਸ ਪੱਧਰ ਦੀਆਂ ਗਤੀਵਿਧੀਆਂ ਕਰਵਾਉਣਗੇ। ਸਿਖਲਾਈ ਪ੍ਰਾਪਤ ਸਾਥੀਆਂ ਦੀ ਅਗਵਾਈ ਅਤੇ ਪੇਸ਼ੇਵਰ ਸਹਾਇਤਾ ਰਾਹੀਂ ਇਹ ਪਹਿਲ ਸਮੇਂ ਸਿਰ ਚਿੰਤਾਵਾਂ ਦੀ ਪਛਾਣ ਕਰਨ ਅਤੇ ਅਜਿਹਾ ਕੈਂਪਸ ਸੱਭਿਆਚਾਰ ਬਣਾਉਣ ਦਾ ਯਤਨ ਕਰਦੀ ਹੈ, ਜਿਸ ਵਿੱਚ ਮਦਦ ਮੰਗਣ ਨੂੰ ਮਾੜਾ ਨਹੀਂ ਸਮਝਿਆ ਜਾਂਦਾ, ਸਗੋਂ ਇਸ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਹ ਪ੍ਰੋਗਰਾਮ ਏ.ਬੀ.ਈ.ਟੀ. ਦੀ ਸਹਾਇਕ ਸੰਸਥਾ ‘ਐਮਪਾਵਰ’ ਵੱਲੋਂ ਇਸਦੇ ‘ਸੀਓਪੀਈ’ (ਕਾਊਂਸਲਿੰਗ ਐਂਡ ਆਊਟਰੀਚ ਫਾਰ ਪੀਅਰ ਇੰਪਾਵਰਮੈਂਟ) ਢਾਂਚੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ।

ਲਾਂਚ ਪ੍ਰੋਗਰਾਮ ਵਿੱਚ ‘ਯੁਵਾ’ ਦੇ ਸਹਿ-ਸੰਸਥਾਪਕ ਅਤੇ ਮੁਖੀ ਨਿਖਿਲ ਤਨੇਜਾ ਅਤੇ ਬਾਲੀਵੁੱਡ ਅਦਾਕਾਰ ਅਪਾਰਸ਼ਕਤੀ ਖੁਰਾਣਾ ਸ਼ਾਮਲ ਹੋਏ। ਉਨ੍ਹਾਂ ਨੇ ਨੌਜਵਾਨਾਂ ਦੀ ਤੰਦਰੁਸਤੀ ਅਤੇ ਅਜਿਹੀਆਂ ਥਾਵਾਂ ਬਣਾਉਣ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ, ਜਿੱਥੇ ਨੌਜਵਾਨਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਸਮਝੀ ਜਾਵੇ ਅਤੇ ਉਨ੍ਹਾਂ ਨੂੰ ਲੋੜੀਂਦੀ ਮਦਦ ਦਿੱਤੀ ਜਾਵੇ। ‘ਕੌਮਿਕ ਸਿੰਘ’ ਵਜੋਂ ਜਾਣੇ ਜਾਂਦੇ ਪੰਜਾਬੀ ਕਾਮੇਡੀਅਨ ਮਨਪ੍ਰੀਤ ਸਿੰਘ ਨੇ ਵੀ ਇਸ ਪ੍ਰੋਗਰਾਮ ਵਿੱਚ ਆਪਣੀ ਪੇਸ਼ਕਾਰੀ ਦਿੱਤੀ।

ਸਿੱਖਿਆ ਅਧਿਕਾਰੀ, ਹਿੱਸਾ ਲੈਣ ਵਾਲੇ ਕਾਲਜਾਂ ਦੇ ਨੋਡਲ ਪ੍ਰੋਫੈਸਰ, ਸੰਗਤ ਦੇ ਵਿਦਿਆਰਥੀ ਮੈਂਬਰ ਅਤੇ ਏ.ਬੀ.ਈ.ਟੀ. ਦੇ ਨੁਮਾਇੰਦੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਮਾਨਸਿਕ ਤੰਦਰੁਸਤੀ ਨੂੰ ਰੋਕਥਾਮ ਰਣਨੀਤੀ ਦਾ ਆਧਾਰ ਬਣਾ ਕੇ ‘ਸੰਗਤ’ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਦੀ ਮਦਦ ਕਰਨ, ਸ਼ੁਰੂਆਤੀ ਦਖ਼ਲ ਨੂੰ ਮਜ਼ਬੂਤ ਕਰਨ ਅਤੇ ਹੋਰ ਖੁੱਲ੍ਹੇ ਤੇ ਸਹਾਇਕ ਕਾਲਜ ਕੈਂਪਸਾਂ ਨੂੰ ਉਤਸ਼ਾਹਿਤ ਕਰਨ ਲਈ ਸਸ਼ਕਤ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰੋਕਥਾਮ, ਜਾਗਰੂਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਰਾਹੀਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਦੇ ਵੱਡੇ ਯਤਨਾਂ ਦਾ ਹਿੱਸਾ ਹੈ।