ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਪੰਜਾਬ ਸਬਆਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪੀ.ਐੱਸ.ਐੱਸ.ਐੱਫ.) ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਬਲਾਕ ਗੜ੍ਹਸ਼ੰਕਰ ਇਕਾਈ ਦੀ ਮੀਟਿੰਗ ਸ਼ਾਮ ਸੁੰਦਰ ਕਪੂਰ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ। ਮੀਟਿੰਗ ਵਿੱਚ ਫੈਡਰੇਸ਼ਨ ਦੇ ਸੂਬਾਈ ਆਗੂ ਮੱਖਣ ਸਿੰਘ ਵਾਹਿਦਪੁਰੀ ਅਤੇ ਜਥੇਦਾਰ ਅਮਰੀਕ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਾਬਕਾ ਅਧਿਆਪਕ ਆਗੂ ਸ੍ਰੀ ਸੁਰਜੀਤ ਸਿੰਘ ਦੇ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਚੁਣੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਮੀਟਿੰਗ ਦੇ ਫੈਸਲਿਆਂ ਬਾਰੇ ਚੌਧਰੀ ਜੀਤ ਬਗਵਾਈਂ ਅਤੇ ਸਾਥੀ ਬਲਵੰਤ ਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ.ਏ. ਨੂੰ ਕੇਂਦਰ ਨਾਲੋਂ ਡੀਲਿੰਕ ਕਰਨ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਰੁੱਧ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ ਅਤੇ ਮੁਲਾਜ਼ਮ ਤੇ ਪੈਨਸ਼ਨਰ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਗੇ। ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ’ਤੇ ਆਧਾਰਿਤ ਤਾਲਮੇਲ ਕਮੇਟੀ ਵੱਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਲਈ ਬਲਾਕ ਗੜ੍ਹਸ਼ੰਕਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਸ਼ਮੂਲੀਅਤ ਕਰਨਗੇ। ਰੈਲੀ ਲਈ ਵਾਹਨ ਸਵੇਰੇ 7 ਵਜੇ ਜੰਗਲਾਤ ਵਿਭਾਗ ਦੇ ਦਫ਼ਤਰ ਨੇੜੇ ਕਚਹਿਰੀ ਤੋਂ ਰਵਾਨਾ ਹੋਣਗੇ। ਰੈਲੀ ਲਈ ਪ੍ਰਚਾਰ ਅਤੇ ਫੰਡ ਇਕੱਠਾ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਹਰ ਦਫ਼ਤਰ ਅਤੇ ਸਕੂਲ ਵਿੱਚ ਜਾ ਕੇ ਰੈਲੀ ਦਾ ਸੁਨੇਹਾ ਦੇਣਗੀਆਂ। ਇਸ ਸਮੇਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੀਤੇ ਵਾਅਦਿਆਂ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਇੱਕ ਵੀ ਮੰਗ ਸਹੀ ਢੰਗ ਨਾਲ ਲਾਗੂ ਨਹੀਂ ਕੀਤੀ। ਉਲਟਾ ਹੱਕ ਮੰਗਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿਰੋਧ ਵਿੱਚ ਵੱਧ ਤਨਖਾਹਾਂ ਤੇ ਪੈਨਸ਼ਨ ਲੈਣ ਦਾ ਕੂੜ ਪ੍ਰਚਾਰ ਕੀਤਾ ਗਿਆ, ਜਿਸ ਕਾਰਨ ਇਸ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦਾ ਪ੍ਰਗਟਾਵਾ ਆਉਣ ਵਾਲੀਆਂ ਚੋਣਾਂ ਵਿੱਚ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸੁਆਦ ਚਖਾਇਆ ਜਾਵੇਗਾ। ਮੰਗਾਂ ਬਾਰੇ ਆਗੂਆਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਨਕਦ ਦਿੱਤੀਆਂ ਜਾਣ, ਮਾਣ-ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤ ਦੇ ਘੇਰੇ ਹੇਠ ਲਿਆਂਦਾ ਜਾਵੇ, ਕੱਟੇ ਭੱਤੇ ਬਹਾਲ ਕੀਤੇ ਜਾਣ, ਪੈਨਸ਼ਨਰਾਂ ’ਤੇ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਸਾਰੇ ਵਿਭਾਗਾਂ ਵਿੱਚ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ ਅਤੇ ਵੱਧਦੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਉਨ੍ਹਾਂ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਰੈਲੀ ਵਿੱਚ ਵੱਡੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਸ਼ਰਮੀਲਾ ਰਾਣੀ, ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਪਵਨ ਕੁਮਾਰ ਗੋਇਲ, ਜੰਗਲਾਤ ਵਰਕਰ ਯੂਨੀਅਨ ਵੱਲੋਂ ਪਵਨ ਕੁਮਾਰ ਗੜ੍ਹੀ, ਪੀ.ਡਬਲਯੂ.ਡੀ. ਯੂਨੀਅਨ ਵੱਲੋਂ ਜਗਦੀਸ਼ ਪੱਖੋਵਾਲ, ਵਿਨੋਦ ਰਾਣਾ, ਚਾਨਣ ਰਾਮ ਥਾਂਦੀ, ਗੁਰਨਾਮ ਸਿੰਘ ਹਾਜੀਪੁਰ, ਰਮੇਸ਼ ਕੁਮਾਰ, ਰਾਕੇਸ਼ ਕੁਮਾਰ, ਰਮਨਦੀਪ, ਜਲ ਸਰੋਤ ਯੂਨੀਅਨ ਵੱਲੋਂ ਹਰਜਿੰਦਰ ਸਿੰਘ ਸੂਨੀ, ਓਮੇਸ਼ ਕੁਮਾਰ ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਹਿੰਗਾ ਰਾਮ ਤੇ ਜੋਗਿੰਦਰ ਸਿੰਘ ਹੀਰ ਹਾਜ਼ਰ ਸਨ।
