ਚੰਡੀਗੜ੍ਹ / ਪਟਿਆਲਾ -** ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਦਾ ਇੱਕ ਵਫ਼ਦ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ’ਤੇ ਚਾਨਣਾ ਪਾਇਆ। ਮੁੱਖ ਤਿੰਨ ਮੰਗਾਂ ਸਨ - 1. ਬਕਾਇਆਂ ਦੀ ਅਦਾਇਗੀ, 2. ਪੈਨਸ਼ਨ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਦੇਣੀ ਯਕੀਨੀ ਬਣਾਉਣਾ, 3. ਬੰਦ ਹੋਈ ਸਰਕਾਰੀ ਮਾਸਿਕ ਮਦਦ ਮੁੜ ਸ਼ੁਰੂ ਕਰਨਾ।


ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਸ੍ਰੀ ਮੁਕੰਦ ਸਿੰਘ ਦੀ ਅਗਵਾਈ ਹੇਠ ਇਹ ਵਫ਼ਦ ਖ਼ਜ਼ਾਨਾ ਮੰਤਰੀ ਨੂੰ ਮਿਲਿਆ। ਇਸ ਵਫ਼ਦ ਵਿੱਚ ਸੰਗਰੂਰ ਡਿਪੂ ਦੇ ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਸ੍ਰੀ ਉਪਕਾਰ ਸਿੰਘ ਤੇ ਸ੍ਰੀ ਜੋਗਿੰਦਰ ਸਿੰਘ ਵੀ ਸ਼ਾਮਲ ਸਨ।


ਵਫ਼ਦ ਨੇ ਖ਼ਜ਼ਾਨਾ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ, ਜਿਨ੍ਹਾਂ ਕੋਲ ਟਰਾਂਸਪੋਰਟ ਵਿਭਾਗ ਵੀ ਹੈ, ਨੂੰ ਦੱਸਿਆ ਕਿ 2013 ਤੋਂ ਪੀਆਰਟੀਸੀ ਨੂੰ ਮਿਲਦੀ ਸਵਾ ਛੇ ਕਰੋੜ ਰੁਪਏ ਦੀ ਸਰਕਾਰੀ ਮਦਦ ਪਿਛਲੇ ਮਹੀਨੇ ਤੋਂ ਬੰਦ ਕਰ ਦਿੱਤੀ ਗਈ ਹੈ, ਜਿਸ ਨਾਲ ਪਹਿਲਾਂ ਤੋਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੀਆਰਟੀਸੀ ਨੂੰ ਹੋਰ ਸੰਕਟ ਵਿੱਚ ਧੱਕ ਦਿੱਤਾ ਗਿਆ ਹੈ। ਇਹ ਮਦਦ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਪਹਿਲਾਂ ਤੋਂ ਹੀ ਲੜਖੜਾ ਰਹੀ ਪੀਆਰਟੀਸੀ ਹੋਰ ਨਿਘਾਰ ਵੱਲ ਜਾਣ ਤੋਂ ਬਚ ਸਕੇ।


ਵਫ਼ਦ ਨੇ ਕਿਹਾ ਕਿ ਮਾਸਿਕ ਪੈਨਸ਼ਨ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ-ਪਹਿਲਾਂ ਦੇਣੀ ਯਕੀਨੀ ਬਣਾਈ ਜਾਵੇ। ਦੋ ਸਾਲ ਤੋਂ ਲੰਬਿਤ ਪਏ ਮੈਡੀਕਲ ਬਿੱਲਾਂ ਦੀ ਤੁਰੰਤ ਅਦਾਇਗੀ ਕੀਤੀ ਜਾਵੇ। ਬਹੁਤ ਸਾਰੇ ਪੈਨਸ਼ਨਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਦੇ ਮੰਜਿਆਂ ’ਤੇ ਪਏ ਤੜਫ਼ ਰਹੇ ਹਨ, ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਈ ਰੱਬ ਨੂੰ ਪਿਆਰੇ ਹੋ ਚੁੱਕੇ ਹਨ।


ਉਨ੍ਹਾਂ ਅੱਗੇ ਕਿਹਾ ਕਿ 2016 ਦੇ ਗਰੇਡਾਂ ਦੇ ਬਕਾਏ ਹੋਰ ਸਾਰੇ ਅਦਾਰਿਆਂ ਵਿੱਚ ਮਿਲ ਚੁੱਕੇ ਹਨ ਪਰੰਤੂ ਸਾਡੇ ਅਦਾਰੇ ਵਿੱਚ ਅਜੇ ਤੱਕ ਸ਼ੁਰੂ ਵੀ ਨਹੀਂ ਕੀਤੇ ਗਏ। 85 ਸਾਲ ਤੋਂ ਉੱਤੇ ਦੇ ਕਈ ਪੈਨਸ਼ਨਰ ਦੋਵੇਂ ਮੀਆਂ-ਬੀਵੀ ਆਪਣੇ ਬਕਾਏ ਉਡੀਕਦੇ-ਉਡੀਕਦੇ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਉਨ੍ਹਾਂ ਦੇ ਬਕਾਇਆਂ ਦਾ ਕੀ ਬਣੇਗਾ? ਨਵੇਂ ਰਿਟਾਇਰੀਆਂ ਨੂੰ ਉਨ੍ਹਾਂ ਦੇ ਬਣਦੇ ਰਿਟਾਇਰੀ ਲਾਭ ਨਹੀਂ ਮਿਲ ਰਹੇ, ਤਨਖਾਹ ਬੰਦ ਹੋ ਗਈ ਹੈ, ਬਕਾਏ ਲੈਣ ਲਈ ਉਹ ਦਫ਼ਤਰਾਂ ਦੇ ਰੋਜ਼ਾਨਾ ਚੱਕਰ ਮਾਰ ਰਹੇ ਨੇ ਪਰ ਪੱਲੇ ਕੁਝ ਨਹੀਂ ਪੈ ਰਿਹਾ। ਸੋ ਸਾਡੇ ਇਨ੍ਹਾਂ ਬਕਾਇਆਂ ਲਈ ਫੰਡਾਂ ਦੀ ਬਹੁਤ ਜ਼ਰੂਰਤ ਹੈ।


ਵਫ਼ਦ ਨੇ ਕਿਹਾ ਕਿ ਪੀਆਰਟੀਸੀ ਦੇ ਲਗਭਗ 1200 ਕਰੋੜ ਰੁਪਏ ਦੇ ਬਕਾਏ ਸਰਕਾਰ ਵੱਲ ਪਏ ਹਨ। ਸਾਡੇ ਸਾਰੇ ਫੰਡ ਅਦਾਰੇ ਨੂੰ ਦਿੱਤੇ ਜਾਣ ਤਾਂ ਜੋ ਅਦਾਰੇ ਦੀ ਆਰਥਿਕ ਹਾਲਤ ਸੁਧਰ ਸਕੇ ਅਤੇ ਸਾਡੇ ਸਾਰੇ ਬਕਾਇਆਂ ਦਾ ਨਿਪਟਾਰਾ ਹੋ ਸਕੇ।


ਖ਼ਜ਼ਾਨਾ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਵਾਇਆ ਤੇ ਕਿਹਾ ਕਿ ਮੈਂ ਜਲਦੀ ਹੀ ਪੀਆਰਟੀਸੀ ਦੇ ਅਫ਼ਸਰਾਂ ਦੀ ਇੱਕ ਜ਼ਰੂਰੀ ਮੀਟਿੰਗ ਬੁਲਾ ਕੇ ਵੱਧ ਤੋਂ ਵੱਧ ਫੰਡ ਮੁਹੱਈਆ ਕਰਾਵਾਂਗਾ ਤਾਂ ਜੋ ਅਦਾਰੇ ਨੂੰ ਆਰਥਿਕ ਹਾਲਤਾਂ ਦਾ ਸਾਹਮਣਾ ਨਾ ਕਰਨਾ ਪਵੇ।