ਲੁਧਿਆਣਾ:- ਲੁਧਿਆਣਾ ਦੇ ਢੋਲੇਵਾਲ ਇਲਾਕੇ ਨੇੜੇ ਬੁੱਧਵਾਰ ਦੇਰ ਸ਼ਾਮ ਇੱਕ ਪ੍ਰਾਪਰਟੀ ਡੀਲਰ ’ਤੇ ਕਰੀਬ ਅੱਠ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਉਸ ਦੀ ਕਾਰ ’ਤੇ ਪੰਜ ਤੋਂ ਛੇ ਰਾਊਂਡ ਫਾਇਰਿੰਗ ਕੀਤੀ। ਪੀੜਤ ਉਸ ਸਮੇਂ ਰੈਸਟੋਰੈਂਟ ਤੋਂ ਰਾਤ ਦਾ ਖਾਣਾ ਖਾ ਕੇ ਆਪਣੀ ਬਜ਼ੁਰਗ ਮਾਂ ਅਤੇ ਸਾਢੇ ਤਿੰਨ ਸਾਲਾ ਮਾਸੂਮ ਪੁੱਤਰ ਨਾਲ ਘਰ ਪਰਤ ਰਿਹਾ ਸੀ। ਹਮਲਾਵਰਾਂ ਨੇ ਨਾ ਸਿਰਫ਼ ਗੋਲੀਆਂ ਚਲਾਈਆਂ, ਬਲਕਿ ਗੱਡੀ ਦੇ ਸ਼ੀਸ਼ੇ ਭੰਨ ਕੇ ਪ੍ਰਾਪਰਟੀ ਡੀਲਰ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਦੇ ਬੱਟ ਨਾਲ ਜਾਨਲੇਵਾ ਹਮਲਾ ਵੀ ਕੀਤਾ।
ਜ਼ਖ਼ਮੀ ਪ੍ਰਾਪਰਟੀ ਡੀਲਰ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ, ਜਿਸ ਦੇ ਸਿਰ ਅਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਖ਼ੂਨ ਨਾਲ ਲੱਥਪੱਥ ਹੋਣ ਦੇ ਬਾਵਜੂਦ ਉਹ ਹਿੰਮਤ ਕਰਕੇ ਹਮਲਾਵਰਾਂ ਦੇ ਚੁੰਗਲ ਵਿੱਚੋਂ ਗੱਡੀ ਭਜਾ ਕੇ ਆਪਣੀ ਮਾਂ ਅਤੇ ਬੱਚੇ ਸਮੇਤ ਸੁਰੱਖਿਅਤ ਸਿਵਲ ਹਸਪਤਾਲ ਪਹੁੰਚਣ ਵਿੱਚ ਕਾਮਯਾਬ ਰਿਹਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੀੜਤ ਜਗਜੀਤ ਸਿੰਘ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਉਹ ਪਾਣੀ ਦੀ ਬੋਤਲ ਲੈਣ ਅਤੇ ਭੁਗਤਾਨ ਕਰਨ ਲਈ ਰੁਕੇ ਸਨ। ਇਸ ਦੌਰਾਨ ਜਿਉਂ ਹੀ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਮਾਸੂਮ ਪੁੱਤਰ ਦੌੜ ਕੇ ਕਾਰ ਵੱਲ ਆ ਰਿਹਾ ਸੀ। ਬੱਚੇ ਦੇ ਕਾਰ ਵਿੱਚ ਦਾਖ਼ਲ ਹੁੰਦੇ ਹੀ ਹਮਲਾਵਰਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਤਾਕੀ ਦੇ ਸ਼ੀਸ਼ੇ ਕੋਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਗਜੀਤ ਸਿੰਘ ਅਨੁਸਾਰ, ਜਦੋਂ ਉਸ ਨੇ ਆਪਣੇ ਮਾਸੂਮ ਪੁੱਤ ਨੂੰ ਬਚਾਉਣ ਲਈ ਅੱਗੇ ਹੋ ਕੇ ਢਾਲ ਬਣਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ’ਤੇ ਟੁੱਟ ਪੈ ਕੇ ਪਿਸਤੌਲ ਦੇ ਬੱਟ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫਾਇਰਿੰਗ ਕਾਰਨ ਕਾਰ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਗੋਲੀਆਂ ਦੇ ਨਿਸ਼ਾਨ ਗੱਡੀ ਦੇ ਅੰਦਰਲੇ ਹਿੱਸੇ ’ਤੇ ਵੀ ਪਏ ਹਨ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਸੀਟ ਦੇ ਹੇਠਾਂ ਤੋਂ .45 ਬੋਰ ਦਾ ਇੱਕ ਖ਼ਾਲੀ ਖ਼ੋਲ ਵੀ ਬਰਾਮਦ ਹੋਇਆ ਹੈ।
ਵਾਰਦਾਤ ਤੋਂ ਤੁਰੰਤ ਬਾਅਦ ਪੀੜਤ ਨੇ ਆਪਣੀ ਸੂਝ-ਬੂਝ ਨਾਲ ਪਰਿਵਾਰ ਨੂੰ ਬਚਾਉਂਦਿਆਂ ਗੱਡੀ ਕੱਢ ਲਈ ਅਤੇ ਹਸਪਤਾਲ ਪਹੁੰਚ ਕੇ ਜਾਨ ਬਚਾਈ। ਜਗਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਹਮਲਾਵਰਾਂ ਨੂੰ ਪਛਾਣਦਾ ਹੈ ਅਤੇ ਕਰੀਬ ਇੱਕ ਸਾਲ ਪਹਿਲਾਂ ਵੀ ਇਨ੍ਹਾਂ ਹੀ ਵਿਅਕਤੀਆਂ ਵੱਲੋਂ ਉਸ ਦੇ ਘਰ ’ਤੇ ਹਮਲਾ ਕਰਕੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਨੇ ਖ਼ਦਸ਼ਾ ਜਤਾਇਆ ਕਿ ਪੁਰਾਣੀ ਰੰਜਿਸ਼ ਤਹਿਤ ਹੀ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਇਹ ਹਮਲਾ ਕੀਤਾ ਗਿਆ ਹੈ। ਪੁਲੀਸ ਨੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ।
