ਜੈਤੋ, 8 ਨਵੰਬਰ: ਉੱਤਰੀ ਰੇਲਵੇ ਦੇ ਫਿਰੋਜ਼ਪੁਰ ਅਤੇ ਨਵੀਂ ਦਿੱਲੀ ਵਿਚਕਾਰ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ਨੀਵਾਰ ਨੂੰ ਚੱਲਣੀ ਸ਼ੁਰੂ ਹੋਈ ਹੋ ਗਈ ਹੈ ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਸੀਨੀਅਰ ਰੇਲਵੇ ਸੂਤਰਾਂ ਨੇ ਦੱਸਿਆ ਕਿ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਇਸ ਰੂਟ 'ਤੇ ਸਭ ਤੋਂ ਤੇਜ਼ ਚਲਨ ਵਾਲੀ ਪਹਿਲੀ ਰੇਲਗੱਡੀ ਹੈ, ਜੋ ਆਪਣੀ ਯਾਤਰਾ 6 ਘੰਟੇ 40 ਮਿੰਟਾਂ ਵਿੱਚ ਪੂਰੀ ਕਰੇਗੀ।
 ਰੇਲਵੇ ਸੂਤਰਾਂ ਅਨੁਸਾਰ ਨਵੀਂ ਰੇਲਗੱਡੀ, ਜਿਸਦਾ ਨੰਬਰ 26461-26462 ਹੈ, ਫਿਰੋਜ਼ਪੁਰ-ਨਵੀਂ ਦਿੱਲੀ ਵਿਚਕਾਰ ਫਰੀਦਕੋਟ-ਬਠਿੰਡਾ ਰਾਹੀਂ ਚੱਲੇਗੀ। ਇਹ ਰੇਲਗੱਡੀ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ ਵਿੱਚ ਰੁਕੇਗੀ। ਇਹ ਰੇਲਗੱਡੀ ਸਵੇਰੇ 7.35 ਵਜੇ ਫਿਰੋਜ਼ਪੁਰ ਤੋਂ ਚੱਲੇਗੀ ਅਤੇ ਦੁਪਹਿਰ 2.35 ਵਜੇ ਨਵੀਂ ਦਿੱਲੀ ਪਹੁੰਚੇਗੀ, ਜਦੋਂ ਕਿ ਇਹ ਨਵੀਂ ਦਿੱਲੀ ਤੋਂ ਸ਼ਾਮ 4 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ ਅਤੇ ਰਾਤ 10.35 ਵਜੇ ਉੱਥੇ ਪਹੁੰਚੇਗੀ। 
ਰੇਲਵੇ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨਵੀਂ ਰੇਲਗੱਡੀ ਤੋਂ ਵਪਾਰ, ਸੈਰ-ਸਪਾਟਾ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ, ਸਰਹੱਦੀ ਖੇਤਰਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਅਤੇ ਰਾਸ਼ਟਰੀ ਬਾਜ਼ਾਰਾਂ ਨਾਲ ਬਿਹਤਰ ਏਕੀਕਰਨ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ। ਇਸ ਦੇ ਨਾਲ ਹੀ, ਰੇਲਵੇ ਵਿਭਾਗ ਨੇ ਟ੍ਰੇਨ ਨੰਬਰ 22485-22486 ਨਵੀਂ ਦਿੱਲੀ - ਮੋਗਾ ਨੂੰ ਲੁਧਿਆਣਾ ਇੰਟਰਸਿਟੀ ਐਕਸਪ੍ਰੈਸ ਰੇਲਗੱਡੀ ਰਾਹੀਂ ਫਿਰੋਜ਼ਪੁਰ ਤੱਕ ਵਧਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ। ਜੋ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ।