ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਹੁਸ਼ਿਆਰਪੁਰ ਜ਼ੋਨ-5 ਦੇ 30 ਕਾਲਜਾਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸਿਰਜਣਾਤਮਕ, ਕਲਾਤਮਕ ਅਤੇ ਵਿਰਾਸਤੀ ਗਤੀਵਿਧੀਆਂ ਨਾਲ ਸਬੰਧਤ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਹੇਠ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ 3 ਨਵੰਬਰ ਤੋਂ ਉਤਸ਼ਾਹ ਨਾਲ ਸ਼ੁਰੂ ਹੋ ਰਿਹਾ ਹੈ। ਮੇਲੇ ਦੇ ਸੁਚੱਜੇ ਪ੍ਰਬੰਧਾਂ ਲਈ ਕਾਲਜ ਵਿੱਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਜ਼ੋਨਲ ਯੁਵਕ ਮੇਲਾ 3 ਤੋਂ 6 ਨਵੰਬਰ ਤੱਕ ਚੱਲੇਗਾ। ਇਸ ਤੋਂ ਬਾਅਦ ਜ਼ੋਨਲ ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਦੀ ਅਗਲੀ ਪ੍ਰਤੀਯੋਗਤਾ ਇਸੇ ਸੰਸਥਾ ਵਿੱਚ ਇੰਟਰ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਵਜੋਂ 10 ਤੋਂ 13 ਨਵੰਬਰ ਤੱਕ ਕਰਵਾਈ ਜਾਵੇਗੀ।
ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਖਾਲਸਾ ਕਾਲਜ ਮਾਹਿਲਪੁਰ ਵਿੱਚ ਪਹਿਲੀ ਵਾਰ ਜ਼ੋਨਲ ਅਤੇ ਇੰਟਰ-ਜ਼ੋਨਲ ਯੁਵਕ ਮੇਲਿਆਂ ਦਾ ਆਯੋਜਨ ਇਤਿਹਾਸ ਸਿਰਜੇਗਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਇਨ੍ਹਾਂ ਯੁਵਕ ਮੇਲਿਆਂ ਲਈ ਖਾਲਸਾ ਕਾਲਜ ਮਾਹਿਲਪੁਰ ਦੀ ਚੋਣ ਕਰਨਾ ਇਸ ਸੰਸਥਾ ਦੀ ਸੁਚੱਜੀ ਪ੍ਰਬੰਧਕੀ ਸਮਰੱਥਾ ਵਿੱਚ ਭਰੋਸੇ ਨੂੰ ਦਰਸਾਉਂਦਾ ਹੈ। ਜ਼ੋਨਲ ਯੁਵਕ ਮੇਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲੇ ਕਾਲਜ ਦੇ ਬਾਨੀ ਸੰਤ ਬਾਬਾ ਹਰੀ ਸਿੰਘ ਕਹਾਰਪੁਰੀ ਅਤੇ ਕਾਲਜ ਦੇ ਬਾਨੀ ਪ੍ਰਿੰਸੀਪਲ ਹਰਭਜਨ ਸਿੰਘ ਦੀ ਸੁਨਹਿਰੀ ਯਾਦ ਨੂੰ ਸਮਰਪਿਤ ਹੋਣਗੇ। ਮੇਲੇ ਦੌਰਾਨ ਵਿਦਿਆਰਥੀਆਂ ਦੇ ਲੋਕ ਨਾਚ, ਸੰਗੀਤ, ਥੀਏਟਰ, ਵਿਚਾਰ-ਚਰਚਾ, ਭਾਸ਼ਣ, ਸਿਰਜਣਾਤਮਕ ਗਤੀਵਿਧੀਆਂ ਸਮੇਤ ਵੱਖ-ਵੱਖ ਸੱਭਿਆਚਾਰਕ ਅਤੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਯੁਵਕ ਮੇਲਿਆਂ ਦਾ ਵਿਸ਼ਾ ‘ਮੁਕਾਬਲੇ ਤੋਂ ਪਾਰ: ਸਿਰਜਣਾ ਅਤੇ ਆਪਸੀ ਮਿਲਵਰਤਨ ਦਾ ਜਸ਼ਨ’ ਹੈ। ਇਸ ਦਾ ਅਰਥ ਵਿਦਿਆਰਥੀਆਂ ਨੂੰ ਜਿੱਤ-ਹਾਰ ਤੋਂ ਉੱਪਰ ਉੱਠ ਕੇ ਆਪਣੀ ਸਿਰਜਣਾਤਮਕਤਾ ਰਾਹੀਂ ਹੋਰ ਵਿਦਿਆਰਥੀਆਂ ਨਾਲ ਸਾਂਝ, ਸਦਭਾਵਨਾ ਅਤੇ ਸਹਿ-ਹੋਂਦ ਦਾ ਮੰਚ ਮੁਹੱਈਆ ਕਰਵਾਉਣਾ ਹੈ।
ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਪੈਟਰਨ ਡਾ. ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਖਜਿੰਦਰ ਰਿਸ਼ੀ, ਉਪ-ਪ੍ਰਿੰਸੀਪਲ ਅਰਾਧਨਾ ਦੁੱਗਲ ਅਤੇ ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਵਿਕਰਾਂਤ ਸਿੰਘ ਰਾਣਾ ਨੇ ਇਨ੍ਹਾਂ ਯੁਵਕ ਮੇਲਿਆਂ ਨੂੰ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਅਹਿਮ ਮੰਚ ਦੱਸਿਆ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
