ਪਟਿਆਲਾ, 1 ਅਗਸਤ:- ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਪ੍ਰਿੰਸੀਪਲ ਸ੍ਰੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਵ-ਭਰਤੀ ਜੇਲ੍ਹ ਜਵਾਨਾਂ ਲਈ ਕਰਵਾਏ ਜਾ ਰਹੇ ਸਿਖਲਾਈ ਕੋਰਸਾਂ ਦੌਰਾਨ ਫਸਟ ਏਡ, ਸੀਪੀਆਰ (ਕਾਰਡੀਓ ਪਲਮੋਨਰੀ ਰੀਸਸਿਟੇਸ਼ਨ) ਅਤੇ ਐਮਰਜੈਂਸੀ ਸਥਿਤੀਆਂ ਵਿੱਚ ਕੀਮਤੀ ਜਾਨਾਂ ਬਚਾਉਣ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ।
ਇਹ ਟ੍ਰੇਨਿੰਗ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਵਿਹਾਰਕ (ਪ੍ਰੈਕਟੀਕਲ) ਤਰੀਕੇ ਨਾਲ ਕਰਵਾਈ ਗਈ। ਉਨ੍ਹਾਂ ਜਵਾਨਾਂ ਨੂੰ ਬੇਹੋਸ਼ੀ, ਸ਼ੂਗਰ ਕਾਰਨ ਐਮਰਜੈਂਸੀ, ਬਲੱਡ ਪ੍ਰੈਸ਼ਰ ਘਟਣਾ, ਦਿਲ ਦਾ ਦੌਰਾ, ਕਾਰਡੀਆਕ ਅਰੈਸਟ, ਸਿਰ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ, ਅੰਦਰੂਨੀ ਅਤੇ ਬਾਹਰੀ ਖੂਨ ਵਹਿਣਾ, ਮਿਰਗੀ ਦੇ ਦੌਰੇ, ਅੱਗ, ਗੈਸ ਹਾਦਸਿਆਂ ਅਤੇ ਪਾਣੀ ਵਿੱਚ ਡੁੱਬੇ ਵਿਅਕਤੀਆਂ ਨੂੰ ਸੁਰੱਖਿਅਤ ਢੰਗ ਨਾਲ ਬਚਾਉਣ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਪੀੜਤ ਨੂੰ ਤੁਰੰਤ ਅਤੇ ਸਹੀ ਫਸਟ ਏਡ ਦੇਣ ਨਾਲ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਂਟੀਲੇਸ਼ਨ, ਬਣਾਉਟੀ ਸਾਹ (ਰੇਸਕਿਊ ਬ੍ਰਿਥਿੰਗ), ਸੀਪੀਆਰ, ਸਾਹ ਨਾਲੀ ਵਿੱਚ ਰੁਕਾਵਟ ਦੂਰ ਕਰਨ ਦੀ ਵਿਧੀ, ਕਰੰਟ ਲੱਗਣ ਦੀ ਸਥਿਤੀ ਵਿੱਚ ਬਚਾਅ ਅਤੇ ਹਸਪਤਾਲ ਪਹੁੰਚਾਉਣ ਤੱਕ ਅਪਣਾਈ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਵਿਸਥਾਰਪੂਰਵਕ ਸਿਖਲਾਈ ਦਿੱਤੀ।
ਸ੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਕਿਸੇ ਵੀ ਪੀੜਤ ਦੀ ਮੌਤ ਦੀ ਪੁਸ਼ਟੀ ਕੇਵਲ ਸੀਨੀਅਰ ਡਾਕਟਰ ਹੀ ਕਰ ਸਕਦੇ ਹਨ। ਇਸ ਲਈ ਹਰ ਪੀੜਤ ਨੂੰ ਬਚਾਉਣ ਲਈ ਤੁਰੰਤ ਸਹੀ ਫਸਟ ਏਡ, ਰਿਕਵਰੀ ਪੋਜ਼ੀਸ਼ਨ, ਏਬੀਸੀਡੀ (Airway, Breathing, Circulation, Disability) ਦੀ ਜਾਂਚ ਅਤੇ ਲੋੜ ਪੈਣ 'ਤੇ ਸੀਪੀਆਰ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਐਮਰਜੈਂਸੀ ਹੈਲਪਲਾਈਨ ਨੰਬਰਾਂ ਦੀ ਸਹੀ ਵਰਤੋਂ ਬਾਰੇ ਵੀ ਜਵਾਨਾਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਡੀਐਸਪੀ-ਕਮ-ਵਾਈਸ ਪ੍ਰਿੰਸੀਪਲ ਸ੍ਰੀ ਮੁਕੇਸ਼ ਸ਼ਰਮਾ ਅਤੇ ਚੀਫ਼ ਡਰਿੱਲ ਇੰਸਪੈਕਟਰ ਸ੍ਰੀ ਹਰਿਮੰਦਰ ਨੇ ਸ੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਲ 1980 ਤੋਂ ਜੇਲ੍ਹ ਵਿਭਾਗ ਦੇ ਜਵਾਨਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਪੁਲਿਸ, ਕਮਾਂਡੋਜ਼, ਫੌਜੀ ਜਵਾਨਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਫੈਕਟਰੀਆਂ ਦੇ ਕਰਮਚਾਰੀਆਂ, ਐਨਐਸਐਸ ਵਲੰਟੀਅਰਾਂ ਅਤੇ ਸੜਕ ਸੁਰੱਖਿਆ ਪੁਲਿਸ ਫੋਰਸ ਦੇ ਜਵਾਨਾਂ ਨੂੰ ਫਸਟ ਏਡ ਅਤੇ ਸੀਪੀਆਰ ਦੀ ਸਿਖਲਾਈ ਦੇ ਕੇ ਪੰਜਾਬ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪੀੜਤਾਂ ਦੀ ਮਦਦ ਲਈ ਤਿਆਰ ਕਰਨ ਦਾ ਸ਼ਲਾਘਾਯੋਗ ਕੰਮ ਕਰ ਰਹੇ ਹਨ।