ਪਟਿਆਲਾ (ਕਾਕਾ ਰਾਮ ਵਰਮਾ):- ਡੈਡੀਕੇਟਿਡ ਬ੍ਰਦਰਜ਼ ਗਰੁੱਪ, ਪਟਿਆਲਾ ਵੱਲੋਂ ਵਿਦਿਆਰਥੀਆਂ ਵਿੱਚ ਚੰਗੇ ਵਿਹਾਰ, ਪਿਆਰ, ਸਿਹਤ, ਤੰਦਰੁਸਤੀ, ਸੁਰੱਖਿਆ, ਖੁਸ਼ਹਾਲੀ, ਉੱਨਤੀ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਸੰਸਥਾ ਵੱਲੋਂ ਹੁਣ ਤੱਕ 2,300 ਤੋਂ ਵੱਧ ਅਧਿਆਪਕਾਂ, ਪ੍ਰੋਫ਼ੈਸਰਾਂ ਅਤੇ ਪ੍ਰਿੰਸੀਪਲਾਂ ਅਤੇ 2,000 ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੰਗੇ ਵਿਹਾਰ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੇ ਯਤਨਾਂ ਵਾਸਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਅੰਤਰਰਾਸ਼ਟਰੀ ਸਰਵੋਤਮ ਵਿਦਿਆਰਥੀ ਦਿਵਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਰਾਕੇਸ਼ ਵਰਮਾ, ਸਕੱਤਰ ਹਰਪ੍ਰੀਤ ਸੰਧੂ ਅਤੇ ਹੋਰ ਮੈਂਬਰਾਂ ਨੇ 21 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਪੁਲਿਸ ਕਮਾਂਡੋ ਟ੍ਰੇਨਿੰਗ ਸੈਂਟਰ, ਕਿਲਾ ਬਹਾਦਰਗੜ੍ਹ ਦੇ ਸੀਡੀਆਈ ਇੰਸਪੈਕਟਰ ਪਲਵਿੰਦਰ ਸਿੰਘ, ਸਬ-ਇੰਸਪੈਕਟਰ ਧਿਆਨ ਚੰਦ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਏਐਸਆਈ ਰਾਮ ਸਰਣ ਨੂੰ ਵਿਸ਼ੇਸ਼ ਤੌਰ ’ਤੇ ਉੱਤਮ ਪੁਲਿਸ ਅਧਿਆਪਕ ਵਜੋਂ ਸਨਮਾਨਿਤ ਕੀਤਾ ਗਿਆ।
ਸੰਸਥਾ ਨੇ ਕਿਹਾ ਕਿ ਦੂਜਿਆਂ ਨੂੰ ਗੁਣ ਅਤੇ ਗਿਆਨ ਹਾਸਲ ਕਰਨ, ਨਿਯਮਾਂ, ਕਾਨੂੰਨਾਂ, ਅਸੂਲਾਂ ਅਤੇ ਫ਼ਰਜ਼ਾਂ ਦੀ ਪਾਲਣਾ ਕਰਨ ਅਤੇ ਚੰਗੇ ਵਿਚਾਰ, ਭਾਵਨਾਵਾਂ ਤੇ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨ ਵਾਲਾ ਹਰ ਇਨਸਾਨ ਇੱਕ ਚੰਗਾ ਅਧਿਆਪਕ ਹੁੰਦਾ ਹੈ। ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਹਜ਼ਾਰਾਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਮਹੱਤਵਪੂਰਨ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਹੈ।
ਡਾ. ਰਿਸ਼ਮਾ ਕੌਹਲੀ ਅਤੇ ਰੈੱਡ ਕਰਾਸ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਕਿਹਾ ਕਿ ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਜਨਮ ਦਿਹਾੜੇ 15 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਵਿਦਿਆਰਥੀਆਂ ਵਿੱਚ ਇਮਾਨਦਾਰੀ, ਵਫ਼ਾਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਸਰਵੋਤਮ ਵਿਦਿਆਰਥੀ ਦਿਵਸ ਵਜੋਂ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਡਾ. ਕਲਾਮ ਨੇ ਅਮਰੀਕਾ ਵਿੱਚ ਹਰ ਸਾਲ ਮਿਲਣ ਵਾਲੀ 8 ਲੱਖ ਅਮਰੀਕੀ ਡਾਲਰ ਦੀ ਸਕਾਲਰਸ਼ਿਪ ਛੱਡ ਕੇ ਭਾਰਤ ਮਾਤਾ ਦੀ ਸੁਰੱਖਿਆ, ਬਚਾਅ, ਸਨਮਾਨ, ਖੁਸ਼ਹਾਲੀ ਅਤੇ ਉੱਨਤੀ ਲਈ ਮਿਜ਼ਾਈਲਾਂ, ਸੈਟੇਲਾਈਟਾਂ ਅਤੇ ਤਕਨਾਲੋਜੀ ਦੇ ਵਿਕਾਸ ਵਿੱਚ ਆਪਣਾ ਗਿਆਨ ਅਤੇ ਯੋਗਦਾਨ ਸਮਰਪਿਤ ਕੀਤਾ। ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਜਾਣਕਾਰੀ ਦਿੰਦੇ ਰਹੇ।
ਉਨ੍ਹਾਂ ਹਾਜ਼ਰ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਸਕੂਲਾਂ ਵਿੱਚ ਡਾ. ਕਲਾਮ ਦਾ ਜਨਮ ਦਿਹਾੜਾ ਜ਼ਰੂਰ ਮਨਾਉਣ ਅਤੇ ਬੱਚਿਆਂ ਨੂੰ ਉਨ੍ਹਾਂ ਵਰਗੇ ਚੰਗੇ ਗੁਣ ਅਪਣਾਉਣ ਤੇ ਆਦਰਸ਼ ਵਿਦਿਆਰਥੀ ਬਣਨ ਲਈ ਜਾਗਰੂਕ ਕਰਨ।
