ਐਸ ਏ ਐਸ ਨਗਰ, 13 ਅਕਤੂਬਰ- ਨਗਰ ਨਿਗਮ ਮੁਹਾਲੀ ਵੱਲੋਂ ਮੁਹਾਲੀ ਦੇ ਫੇਜ਼-10 ਸਥਿਤ ਸਿਲਵੀ ਪਾਰਕ ਵਿੱਚ ਪੰਜਾਬੀ ਲੇਖਕ ਸਵਰਗੀ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਸੰਤੋਖ ਸਿੰਘ ਧੀਰ ਲਾਇਬ੍ਰੇਰੀ ਨੂੰ ਨਾਟਕਕਾਰ ਸੰਜੀਵਨ ਸਿੰਘ ਨੇ ਆਪਣੇ 64ਵੇਂ ਜਨਮ ਦਿਨ ’ਤੇ ਤਿੰਨ ਸੌ ਕਿਤਾਬਾਂ ਦਿੱਤੀਆਂ ਹਨ। 
ਸ੍ਰੀ ਕੁਲਜੀਤ ਸਿੰਘ ਬੇਦੀ ਰਾਹੀਂ ਲਾਇਬ੍ਰੇਰੀ ਦੇ ਸੰਚਾਲਕ ਪ੍ਰੋਫੈਸਰ ਅੰਗਰੇਜ਼ ਸਿੰਘ ਚਾਹਿਲ ਨੂੰ ਸੌਂਪਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਆਪਾ-ਧਾਪੀ ਕਾਲਯੁਗੀ ਦੌਰ ਵਿੱਚ ਸਾਡੀ ਸਭ ਤੋਂ ਸੁਹਿਰਦ ਅਤੇ ਇਮਾਨਦਾਰ ਸਾਥੀ ਕਿਤਾਬ ਹੀ ਹੈ। 
ਕਿਤਾਬਾਂ ਸਾਨੂੰ ਹਰ ਸੰਕਟ ਅਤੇ ਦੁਬਿਧਾ ਵਿੱਚੋਂ ਕੱਢਣ ਦੇ ਸਮਰਥ ਹਨ। ਸ੍ਰੀ ਬੇਦੀ ਨੇ ਕਿਹਾ ਕਿ ਰੂਪ ਪਰਿਵਾਰ ਵੱਲੋਂ ਸੰਜੀਵਨ ਦੇ ਜਨਮ ਦਿਨ ਮੌਕੇ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ ਕਰਨੀਆਂ ਸ਼ਲਾਘਾਯੋਗ ਹੈ। ਇਸ ਪਰਿਵਾਰ ਦੀ ਚੌਥੀ ਪੀੜ੍ਹੀ ਸਾਹਿਤ ਦੇ ਖੇਤਰ ਵਿੱਚ ਸਰਗਰਮ ਹੈ। 
ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਚਰਚਿਤ ਅਦਾਕਾਰ ਕੁੱਕੂ ਦੀਵਾਨ ਅਤੇ ਰੰਜੀਵਨ ਸਿੰਘ ਅਤੇ ਪ੍ਰੋਫੈਸਰ ਚਾਹਲ ਨੇ ਵੀ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਡਵੋਕੇਟ ਅਤੇ ਰੰਗਕਰਮੀ ਰਿਸ਼ਮਰਾਜ ਸਿੰਘ, ਸਾਹਿਲ ਅਤੇ ਦਕਸ਼ ਵੀ ਹਾਜ਼ਰ ਸਨ।