ਚੰਡੀਗੜ੍ਹ:- ਚੰਡੀਗੜ੍ਹ ਦੇ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਦੇ ਡਾਕਟਰਾਂ ਨੇ ਗੰਭੀਰ ਏਓਰਟਿਕ ਸਟੈਨੋਸਿਸ ਤੋਂ ਪੀੜਤ 74 ਸਾਲਾ ਮਹਿਲਾ ਦਾ ਗੁੰਝਲਦਾਰ ਟ੍ਰਾਂਸਕੈਥੇਟਰ ਏਓਰਟਿਕ ਵਾਲਵ ਇੰਪਲਾਂਟੇਸ਼ਨ (ਟੀਏਵੀ ਆਈ) ਸਫਲਤਾਪੂਰਵਕ ਕੀਤਾ।
ਇਸ ਪ੍ਰਕਿਰਿਆ ਦਾ 13-14 ਨਵੰਬਰ, 2026 ਨੂੰ ਹੈਦਰਾਬਾਦ ਵਿਖੇ ਹੋਈ ਦਿਲ ਦੇ ਵਾਲਵ ਦੇ ਉੱਨਤ ਇਲਾਜਾਂ ਬਾਰੇ ਕੌਮੀ ਸਾਲਾਨਾ ਕਾਨਫਰੰਸ ‘ਹੈਦਰਾਬਾਦ ਵਾਲਵਜ਼ 2026’ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ। ਦੋ ਰੋਜ਼ਾ ਕਾਨਫਰੰਸ ਵਿੱਚ ਦੇਸ਼ ਅਤੇ ਵਿਦੇਸ਼ ਦੇ ਪ੍ਰਮੁੱਖ ਮੈਡੀਕਲ ਕੇਂਦਰਾਂ ਵੱਲੋਂ ਲਾਈਵ ਪ੍ਰਕਿਰਿਆਵਾਂ ਪੇਸ਼ ਕੀਤੀਆਂ ਗਈਆਂ, ਜਿਸ ਵਿੱਚ ਪੀਜੀਆਈਐਮਈਆਰ ਨੇ ਉੱਤਰੀ ਭਾਰਤ ਦੀ ਨੁਮਾਇੰਦਗੀ ਕੀਤੀ।
ਕਾਰਡੀਓਲੋਜੀ ਵਿਭਾਗ ਦੇ ਪ੍ਰੋ. ਡਾ. ਰਾਜੇਸ਼ ਵਿਜੇਵਰਗੀਆ ਨੇ ਦੱਸਿਆ ਕਿ ਮਰੀਜ਼ ਨੂੰ ਏਓਰਟਿਕ ਵਾਲਵ ਦੇ ਬਹੁਤ ਜ਼ਿਆਦਾ ਤੰਗ ਹੋਣ ਕਾਰਨ ਦਿਲ ਦੀ ਅਸਫਲਤਾ ਦੀ ਸਮੱਸਿਆ ਹੋ ਗਈ ਸੀ। ਉਸ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ਼ ਹੁੰਦੀ ਸੀ ਅਤੇ ਵਾਰ-ਵਾਰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪੈਂਦਾ ਸੀ।
ਪ੍ਰੋ. ਵਿਜੇਵਰਗੀਆ ਦੀ ਅਗਵਾਈ ਹੇਠ ਬਹੁ-ਵਿਸ਼ੇਸ਼ਤਾ ਵਾਲੀ ਡਾਕਟਰੀ ਟੀਮ ਨੇ ਇਹ ਪ੍ਰਕਿਰਿਆ ਪੂਰੀ ਕੀਤੀ। ਟੀਮ ਵਿੱਚ ਡਾ. ਬਸੰਤ ਕੁਮਾਰ, ਪ੍ਰੋ. ਸੁੰਦਰ ਨੇਗੀ ਅਤੇ ਐਡਵਾਂਸਡ ਕਾਰਡੀਅਕ ਸੈਂਟਰ ਦੇ ਹੋਰ ਮੈਂਬਰ ਸ਼ਾਮਲ ਸਨ। ਉੱਨਤ ਕੈਥੇਟਰ-ਆਧਾਰਿਤ ਟੀਏਵੀ ਆਈ ਤਕਨੀਕ ਦੀ ਵਰਤੋਂ ਕਰਦਿਆਂ ਘੱਟ ਚੀਰ-ਫਾੜ ਵਾਲੀ ਵਿਧੀ ਰਾਹੀਂ ਨਕਲੀ ਦਿਲ ਦਾ ਵਾਲਵ ਲਗਾਇਆ ਗਿਆ।
ਇਹ ਮਾਮਲਾ ਖਾਸ ਤੌਰ ’ਤੇ ਚੁਣੌਤੀਪੂਰਨ ਸੀ, ਕਿਉਂਕਿ ਏਓਰਟਿਕ ਵਾਲਵ ਦਾ ਐਨਿਊਲਸ ਛੋਟਾ ਸੀ ਅਤੇ ਖੱਬੀ ਕੋਰੋਨਰੀ ਧਮਣੀ ਦਾ ਮੁੱਢਲਾ ਸਥਾਨ ਆਮ ਨਾਲੋਂ ਹੇਠਾਂ ਸੀ। ਇਸ ਕਾਰਨ ਵਾਲਵ ਦੀ ਚੋਣ ਅਤੇ ਉਸ ਨੂੰ ਲਗਾਉਣ ਦੀ ਪ੍ਰਕਿਰਿਆ ਤਕਨੀਕੀ ਤੌਰ ’ਤੇ ਕਾਫ਼ੀ ਮੁਸ਼ਕਲ ਸੀ। ਸਿੱਧੇ ਪ੍ਰਸਾਰਣ ਦੌਰਾਨ ਇਸ ਪ੍ਰਕਿਰਿਆ ਬਾਰੇ ਕਦਮ-ਦਰ-ਕਦਮ ਚਰਚਾ ਕੀਤੀ ਗਈ, ਜਿਸ ਨਾਲ ਮੌਜੂਦ ਦਿਲ ਦੇ ਰੋਗਾਂ ਦੇ ਮਾਹਿਰਾਂ ਨੂੰ ਤਕਨੀਕੀ ਪੱਖਾਂ ਨੂੰ ਸਮਝਣ ਅਤੇ ਗੁੰਝਲਦਾਰ ਏਓਰਟਿਕ ਵਾਲਵ ਰੋਗ ਦੇ ਇਲਾਜ ਦੀਆਂ ਆਧੁਨਿਕ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ।
ਪ੍ਰਕਿਰਿਆ ਤੋਂ ਤਿੰਨ ਦਿਨ ਬਾਅਦ ਮਰੀਜ਼ ਨੂੰ ਤਸੱਲੀਬਖ਼ਸ਼ ਹਾਲਤ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਪ੍ਰੋ. ਵਿਜੇਵਰਗੀਆ ਨੇ ਦੱਸਿਆ ਕਿ ਕਾਰਡੀਓਲੋਜੀ ਵਿਭਾਗ ਨੇ ਸਾਲ 2019 ਵਿੱਚ ਆਪਣਾ ਟੀਏਵੀ ਆਈ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਲਗਭਗ 300 ਪ੍ਰਕਿਰਿਆਵਾਂ ਕੀਤੀਆਂ ਜਾ ਚੁੱਕੀਆਂ ਹਨ। ਪਿਛਲੇ ਸੱਤ ਸਾਲਾਂ ਦੌਰਾਨ ਵਿਭਾਗ ਨੇ ਘੱਟ ਚੀਰ-ਫਾੜ ਵਾਲੀ ਵਿਧੀ ਰਾਹੀਂ ਦਿਲ ਦੇ ਵਾਲਵ ਬਦਲਣ ਵਿੱਚ ਕਾਫ਼ੀ ਤਜਰਬਾ ਹਾਸਲ ਕੀਤਾ ਹੈ। ਇਸ ਦੌਰਾਨ ਬਜ਼ੁਰਗ ਮਰੀਜ਼ਾਂ ਦੇ ਨਾਲ-ਨਾਲ ਗੁੰਝਲਦਾਰ ਸਰੀਰਕ ਬਣਤਰ ਅਤੇ ਮੈਡੀਕਲ ਹਾਲਤਾਂ ਵਾਲੇ ਮਰੀਜ਼ਾਂ ਦਾ ਵੀ ਇਲਾਜ ਕੀਤਾ ਗਿਆ ਹੈ।
ਇਹ ਸਫਲ ਇਲਾਜ ਅਤੇ ਇਸ ਦਾ ਸਿੱਧਾ ਪ੍ਰਸਾਰਣ ਖੇਤਰ ਵਿੱਚ ਦਿਲ ਦੀਆਂ ਬਣਤਰਾਂ ਨਾਲ ਸਬੰਧਤ ਉੱਨਤ ਇਲਾਜ, ਮੈਡੀਕਲ ਸਿੱਖਿਆ ਅਤੇ ਘੱਟ ਚੀਰ-ਫਾੜ ਵਾਲੀ ਦਿਲ ਦੀ ਦੇਖਭਾਲ ਦੇ ਖੇਤਰ ਵਿੱਚ ਪੀਜੀਆਈਐਮਈਆਰ ਚੰਡੀਗੜ੍ਹ ਦੇ ਯੋਗਦਾਨ ਨੂੰ ਦਰਸਾਉਂਦਾ ਹੈ।
