ਪਟਿਆਲਾ, 17 ਅਪ੍ਰੈਲ- ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਤੇ ਇਸ ਵਿਚ ਪੁਲਿਸ ਨੂੰ ਚੰਗੀ ਸਫ਼ਲਤਾ ਮਿਲ ਰਹੀ ਹੈ। ਪਟਿਆਲਾ ਪੁਲਿਸ ਨੇ ਹੁਣ ਹੋਰ ਸਰਗਰਮ ਕਾਰਵਾਈ ਕਰਦੇ ਹੋਏ ਵਿਦੇਸ਼ ਵਿੱਚ ਬੈਠੇ ਬੌਬੀ ਮਾਹੀ ਤੇ ਗੋਲਡੀ ਢਿੱਲੋਂ ਗੈਂਗ ਦੇ ਤਿੰਨ ਸ਼ੂਟਰਾਂ ਨੂੰ ਅਸਲੇ ਸਮੇਤ ਕਾਬੂ ਕਰਨ ਤੋਂ ਇਲਾਵਾ ਦੋ ਹੋਰ ਮਾਮਲਿਆਂ ਵਿੱਚ ਵੀ ਗ੍ਰਿਫਤਾਰੀਆਂ ਕੀਤੀਆਂ ਹਨ।
ਇਨ੍ਹਾਂ ਬਾਰੇ ਅੱਜ ਮੀਡੀਆ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਬੰਸ ਸਿੰਘ ਬੈਸ ਐਸ ਪੀ ਦੀ ਅਗਵਾਈ ਵਿੱਚ ਰਾਜੇਸ ਮਲਹੋਤਰਾ ਡੀ ਐਸ ਪੀ ਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਵੱਲੋਂ ਬੌਬੀ ਮਾਹੀ ਵਾਸੀ ਤਫੱਜ਼ਲਪੁਰਾ ਪਟਿਆਲਾ, ਜੋ ਅਮਰੀਕਾ ਵਿੱਚ ਬੈਠਕੇ, ਸੋਸ਼ਲ ਮੀਡੀਆਂ ਰਾਹੀ ਵਪਾਰੀ/ਕਾਰੋਬਾਰੀ ਅਤੇ ਰਸੂਖਦਾਰ ਵਿਅਕਤੀਆਂ ਪਾਸੋਂ ਭਾਰੀ ਮਾਤਰਾ ਵਿੱਚ ਫਿਰੌਤੀ ਮੰਗਣ ਹਿੱਤ ਧਮਕਾ ਕੇ ਉਨ੍ਹਾਂ ਪਾਸੋਂ ਪੈਸਿਆਂ ਦੀ ਮੰਗ ਕਰਦਾ ਹੈ, ਦੇ 3 ਸ਼ੂਟਰਾਂ ਦੀ ਸ਼ਨਾਖਤ ਕਰਕੇ ਗੁਪਤ ਸੂਚਨਾ ਦੇ ਅਧਾਰ 'ਤੇ ਦੋਸ਼ੀ ਸਤਵਿੰਦਰ ਸਿੰਘ ਉਰਫ ਸੰਨੀ ਪੁੱਤਰ ਸਰਬਜੀਤ ਸਿੰਘ ਵਾਰਡ ਨੰਬਰ 1 ਘਨੌਰ, ਜਸ਼ਨਪੀਤ ਸਿੰਘ ਉਰਫ ਹਕਲਾ ਪੁੱਤਰ ਜਗਦੀਸ਼ ਸਿੰਘ ਵਾਸੀ ਬਘੌਰਾ ਅਤੇ ਦੀਪਕ ਉਰਫ ਦੀਪੂ ਪੁੱਤਰ ਅਸ਼ੋਕ ਕੁਮਾਰ ਘਨੌਰ ਜ਼ਿਲ੍ਹਾ ਪਟਿਆਲਾ ਨੂੰ ਸੁਨਿਆਰਹੇੜੀ ਬੀੜ ਵਿੱਚੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 2 ਪਿਸਟਲ 30 ਬੋਰ ਸਮੇਤ 10 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਇਥੇ ਇਹ ਵਰਨਣਯੋਗ ਹੈ ਕਿ ਬੌਬੀ ਮਾਹੀ ਪਿਛਲੇ ਸਮੇਂ ਵਿੱਚ ਸ਼ਰਾਬ ਦੀ ਸਮਗਲਿੰਗ ਕਰਦਾ ਸੀ ਜਿਸ 'ਤੇ ਕਈ ਮੁਕੱਦਮੇ ਦਰਜ ਹਨ। ਉਹ ਜੇਲ੍ਹ ਵਿੱਚੋਂ ਬਾਹਰ ਆਉਣ ਉਪਰੰਤ ਡੰਕੀ ਰੂਟ ਰਾਹੀਂ ਵਿਦੇਸ਼ ਫਰਾਰ ਹੋਗਿਆ ਸੀ ਅਤੇ ਅੱਜ ਕੱਲ ਇਹ ਗੈਰ ਸਮਾਜਿਕ ਅਨਸਰਾਂ ਨਾਲ ਮਿਲਕੇ ਪੰਜਾਬ ਵਿੱਚ ਨਵੀ ਉਮਰ ਦੇ ਮੁੰਡਿਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਅਪਰਾਧਿਕ ਕਾਰਵਾਈਆਂ ਅੰਜਾਮ ਦਿਵਾ ਰਿਹਾ ਹੈ।
ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐਸ ਐਸ ਪੀ ਨੇ ਦੋ ਹੋਰ ਮਾਮਲਿਆਂ ਬਾਰੇ ਵੀ ਜਾਣਕਾਰੀ ਦਿੱਤੀ, ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਟਿਆਲਾ ਦੇ ਮਾਡਲ ਟਾਊਨ ਇਲਾਕੇ ਵਿਚ ਹੋਈ ਚੋਰੀ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਸਾਰੀ 5 ਲੱਖ ਰੁਪਏ ਦੀ ਰਕਮ ਅਤੇ ਸੋਨਾ-ਚਾਂਦੀ ਬ੍ਰਾਮਦ ਕਰ ਲਿਆ ਗਿਆ ਹੈ।
ਤਿੰਨੇ ਦੋਸ਼ੀ ਧੂਰੀ ਦੇ ਰਹਿਣ ਵਾਲੇ ਹਨ। ਵਰੁਣ ਸ਼ਰਮਾ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਫਾਇਰਿੰਗ ਕਰਨ ਵਾਲੇ ਦੋਸ਼ੀ ਹਰਸ਼ਦੀਪ ਨੂੰ ਵੀ ਕਾਬੂ ਕਰ ਲਿਆ ਗਿਆ ਹੈ।
ਪਟਿਆਲਾ ਪੁਲਿਸ ਵੱਲੋਂ ਬੌਬੀ ਮਾਹੀ ਤੇ ਗੋਲਡੀ ਗੈਂਗ ਦੇ ਤਿੰਨ ਸ਼ੂਟਰ ਅਸਲੇ ਸਮੇਤ ਕਾਬੂ
