ਖਰੜ, 22 ਅਕਤੂਬਰ:- ਖਰੜ ਸ਼ਹਿਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ਬੱਸ ਸਟੈਂਡ ਬਣਾਉਣ ਦੇ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਵੱਲੋਂ ਨਗਰ ਕੌਂਸਲ ਦਫ਼ਤਰ ਖਰੜ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਬੱਸ ਸਟੈਂਡ ਦੇ ਪ੍ਰਾਜੈਕਟ ਸਬੰਧੀ ਚੱਲ ਰਹੀ ਯੋਜਨਾਬੰਦੀ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਬੱਸ ਸਟੈਂਡ ਦੇ ਲੇਆਉਟ ਅਤੇ ਨਕਸ਼ੇ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਪ੍ਰਾਜੈਕਟ ਦੇ ਬਜਟ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਕਾਰਜ ਸਾਧਕ ਅਧਿਕਾਰੀ ਸ੍ਰੀ ਅਸ਼ੋਕ ਪਥਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਬੱਸ ਸਟੈਂਡ ਦਾ ਲੇਆਉਟ ਤਿਆਰ ਕਰਕੇ ਅਗਲੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।

ਪ੍ਰਸਤਾਵਿਤ ਬੱਸ ਟਰਮੀਨਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਯੋਜਨਾ ਹੈ। ਇਸ ਵਿੱਚ ਫਾਇਰ ਸਟੇਸ਼ਨ, ਸਰਕਾਰੀ ਦਫ਼ਤਰ, ਆਡੀਟੋਰੀਅਮ ਅਤੇ ਮਲਟੀ-ਲੈਵਲ ਪਾਰਕਿੰਗ ਵਰਗੀਆਂ ਸਹੂਲਤਾਂ ਸ਼ਾਮਲ ਕਰਨ ਸਬੰਧੀ ਵਿਚਾਰ ਕੀਤਾ ਗਿਆ, ਤਾਂ ਜੋ ਸ਼ਹਿਰ ਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।

ਇਸ ਮੌਕੇ ਸ. ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਖਰੜ ਇੱਕ ਤੇਜ਼ੀ ਨਾਲ ਵਿਕਸਤ ਹੋ ਰਿਹਾ ਸ਼ਹਿਰ ਹੈ ਅਤੇ ਇਸ ਦੀਆਂ ਭਵਿੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਬੱਸ ਸਟੈਂਡ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨਾਲ ਪ੍ਰਾਜੈਕਟ ਦੀ ਪ੍ਰਗਤੀ ਅਤੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਲੋੜੀਂਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ।

ਇਸ ਮੌਕੇ ਐੱਸ.ਡੀ.ਐੱਮ. ਖਰੜ ਸ. ਗੁਰਮੀਤ ਸਿੰਘ, ਕਾਰਜ ਸਾਧਕ ਅਧਿਕਾਰੀ ਸ੍ਰੀ ਅਸ਼ੋਕ ਪਥਰੀਆ, ਬਲਾਕ ਸੰਮਤੀ ਦੇ ਚੇਅਰਮੈਨ ਸ. ਰਘਵੀਰ ਸਿੰਘ ਮੋਦੀ, ਏ.ਐੱਮ.ਈ. ਸ. ਜਤਿੰਦਰ ਸਿੰਘ, ਆਰਕੀਟੈਕਟ ਆਸ਼ੀਸ਼ ਬਾਂਸਲ ਅਤੇ ਗੋਵਿੰਦਰ ਚੀਮਾ, ਰਾਮ ਸਰੂਪ, ਨਗਰ ਕੌਂਸਲ ਦਾ ਦਫ਼ਤਰੀ ਸਟਾਫ਼ ਅਤੇ ਸਾਬਕਾ ਕੌਂਸਲਰ ਸਾਹਿਬਾਨ ਮੌਜੂਦ ਰਹੇ।