ਚੰਡੀਗੜ੍ਹ/ਪਲਵਲ, 26 ਅਕਤੂਬਰ (ਹਰਮਿੰਦਰ ਸਿੰਘ ਨਾਗਪਾਲ):- ਹਰਿਆਣਾ ਦੇ ਪੱਤਰਕਾਰਾਂ ਦੀ ਟਰੇਡ ਯੂਨੀਅਨ ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਵੱਲੋਂ ਮੁਫ਼ਤ ਬੀਮਾ ਪਾਲਿਸੀ ਵੰਡ ਮੁਹਿੰਮ ਤਹਿਤ ਪਲਵਲ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ 5 ਲੱਖ ਰੁਪਏ ਦੀਆਂ ਮੁਫ਼ਤ ਬੀਮਾ ਪਾਲਿਸੀਆਂ, ਪ੍ਰੈੱਸ ਪਛਾਣ ਪੱਤਰ ਅਤੇ ਵਾਹਨ ਪਾਸ ਵੰਡੇ ਗਏ।
ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਵੱਲੋਂ ਪਲਵਲ ਦੇ ਸਥਾਨਕ ਹਵੇਲੀ ਰਿਜ਼ੋਰਟ ਵਿਖੇ ਪੱਤਰਕਾਰਾਂ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੱਤਰਕਾਰਾਂ ਨੂੰ 5 ਲੱਖ ਰੁਪਏ ਦੀਆਂ ਮੁਫ਼ਤ ਬੀਮਾ ਪਾਲਿਸੀਆਂ, ਪ੍ਰੈੱਸ ਪਛਾਣ ਪੱਤਰ ਅਤੇ ਵਾਹਨ ਪਾਸ ਦਿੱਤੇ ਗਏ।
ਸਮਾਗਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਡਾ. ਇੰਦੂ ਬਾਂਸਲ ਜੈਨ ਨੇ ਕੀਤੀ, ਜਦਕਿ ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਪਹੁੰਚਣ ’ਤੇ ਸੰਘ ਵੱਲੋਂ ਸਾਰੇ ਮਹਿਮਾਨਾਂ ਦਾ ਫੁੱਲਾਂ ਦੇ ਹਾਰ ਪਾ ਕੇ, ਗੁਲਦਸਤੇ ਅਤੇ ਅੰਗਵਸਤਰ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਸਮਾਗਮ ਦਾ ਮੁੱਖ ਉਦੇਸ਼ ਪੱਤਰਕਾਰਾਂ ਨੂੰ ਆਰਥਿਕ ਅਤੇ ਸਰੀਰਕ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪੇਸ਼ੇਵਰ ਪਛਾਣ ਨੂੰ ਮਜ਼ਬੂਤ ਕਰਨਾ ਸੀ।
ਇਸ ਮੌਕੇ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਦੀ ਇਸ ਮਹੱਤਵਪੂਰਨ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਦੀ ਏਕਤਾ, ਸੁਰੱਖਿਆ ਅਤੇ ਨਿਰਪੱਖ ਪੱਤਰਕਾਰੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੱਤਰਕਾਰ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਹਿੱਤਾਂ, ਸੁਰੱਖਿਆ ਅਤੇ ਭਲਾਈ ਲਈ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ।
ਸੰਘ ਦੀ ਸੂਬਾ ਪ੍ਰਧਾਨ ਡਾ. ਇੰਦੂ ਬਾਂਸਲ ਜੈਨ, ਜ਼ਿਲ੍ਹਾ ਪ੍ਰਧਾਨ ਭੂਸ਼ਣ ਓਹਲੀਆਂਨ ਅਤੇ ਮੀਡੀਆ ਕੋਆਰਡੀਨੇਟਰ ਨਿਤਿਨ ਸ਼ਰਮਾ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸੰਘ ਦੀ ਸੰਸਥਾਪਕ ਅਤੇ ਸੂਬਾ ਪ੍ਰਧਾਨ ਡਾ. ਇੰਦੂ ਬਾਂਸਲ ਜੈਨ ਨੇ ਕਿਹਾ ਕਿ ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਭਵਿੱਖ ਵਿੱਚ ਵੀ ਪੱਤਰਕਾਰਾਂ ਦੇ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ ਅਤੇ ਉਨ੍ਹਾਂ ਦੀ ਭਲਾਈ ਲਈ ਯੋਜਨਾਵਾਂ ਬਣਾਉਂਦਾ ਰਹੇਗਾ।
ਡਾ. ਬਾਂਸਲ ਨੇ ਕਿਹਾ ਕਿ ਬੀਮਾ ਪਾਲਿਸੀ ਵੰਡ ਮੁਹਿੰਮ ਤਹਿਤ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੈਂਕੜੇ ਪੱਤਰਕਾਰਾਂ ਨੂੰ ਮੁਫ਼ਤ ਬੀਮਾ ਪਾਲਿਸੀਆਂ ਵੰਡੀਆਂ ਜਾਣਗੀਆਂ।
ਇਸ ਮੌਕੇ ਸੰਘ ਦੇ ਸੂਬਾ ਜਨਰਲ ਸਕੱਤਰ ਨਵੀਨ ਬਾਂਸਲ, ਪਲਵਲ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਭੂਸ਼ਣ ਓਹਲੀਆਂਨ ਅਤੇ ਜ਼ਿਲ੍ਹੇ ਦੇ ਸੀਨੀਅਰ ਪੱਤਰਕਾਰ ਕ੍ਰਿਸ਼ਨ ਕੁਮਾਰ ਛਾਬੜਾ, ਪ੍ਰਵੀਨ ਆਹੂਜਾ, ਸੁਰੇਸ਼ ਗੁਪਤਾ, ਅਸ਼ੋਕ ਸਰਦਾਨਾ, ਅਜੈ ਪ੍ਰਤਾਪ, ਰਾਜ ਕੁਮਾਰ ਭਾਟੀਆ, ਕਮਲ ਕਾਂਤ, ਨਿਕੁੰਜ ਗਰਗ, ਰਾਕੇਸ਼ ਗੋਇਲ, ਯਸ਼ਵੀਰ, ਬਲਰਾਮ ਬਾਂਸਲ, ਸਤਬੀਰ ਸੋਨੂ, ਰੁਸਤਮ ਜਾਖੜ, ਸੌਰਭ ਵਰਮਾ, ਵਿਨੋਦ ਸ਼ਰਮਾ, ਗੌਰਵ ਗੋਇਲ, ਕਰਤਾਰ, ਅਜੈ ਚੌਹਾਨ, ਹਰੀਸ਼ ਅਤੇ ਉਮੰਗ ਵਾਲੀਆ ਸਮੇਤ ਸੰਘ ਦੀ ਪਲਵਲ ਜ਼ਿਲ੍ਹਾ ਇਕਾਈ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।
