ਚੰਡੀਗੜ੍ਹ, 25 ਸਤੰਬਰ:- ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ, ਹਰਿਆਣਾ ਦੇ ਡਾਇਰੈਕਟਰ ਡਾ. ਆਦਿਤਿਆ ਦਹੀਆ ਨੇ ਸ਼ੁੱਕਰਵਾਰ ਨੂੰ ਆਪਣੇ ਸਿਵਲ ਸਕੱਤਰੇਤ, ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਪਦਮਸ਼੍ਰੀ ਅਤੇ ਸੀਨੀਅਰ ਸਾਹਿਤਕਾਰ ਡਾ. ਸੰਤਰਾਮ ਦੇਸ਼ਵਾਲ ਦੁਆਰਾ ਲਿਖੀ ਪੁਸਤਕ ‘ਭਾਰਤੀ ਸੰਸਕ੍ਰਿਤੀ ਕੀ ਅਵਧਾਰਣਾ’ ਦਾ ਵਿਧੀਵਤ ਘੁੰਡ-ਚੁਕਾਈ ਕੀਤੀ। ਇਸ ਮੌਕੇ ਉਨ੍ਹਾਂ ਨੇ ਡਾ. ਦੇਸ਼ਵਾਲ ਨੂੰ ਨਵੀਂ ਸਾਹਿਤਕ ਰਚਨਾ ਦੇ ਪ੍ਰਕਾਸ਼ਨ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਲੰਬੇ ਸਮੇਂ ਦੇ ਸਾਹਿਤਕ ਅਤੇ ਸੱਭਿਆਚਾਰਕ ਯੋਗਦਾਨ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਾ. ਆਦਿਤਿਆ ਦਹੀਆ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਸਿਰਫ ਪ੍ਰਾਚੀਨ ਪਰੰਪਰਾਵਾਂ ਦਾ ਪਛਾਣ ਮਾਤਰ ਨਹੀਂ ਹੈ, ਸਗੋਂ ਇਹ ਸਾਡੇ ਜੀਵਨ-ਮੁੱਲਾਂ, ਸਮਾਜਿਕ ਚੇਤਨਾ ਅਤੇ ਰਾਸ਼ਟਰੀ ਪਛਾਣ ਦੀ ਮਜ਼ਬੂਤ ਨੀਂਹ ਹੈ। ਸਾਹਿਤ ਇਹਨਾਂ ਮੁੱਲਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਤਬਦੀਲ ਕਰਨ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ। ਸਾਹਿਤਕਾਰ ਆਪਣੀ ਕਲਮ ਰਾਹੀਂਲ ਸਮਾਜ ਦੀਆਂ ਯਾਦਾਂ, ਤਜ਼ਰਬਿਆਂ ਅਤੇ ਸੱਭਿਆਚਾਰਕ ਧਰੋਹਰ ਨੂੰ ਸਾਂਭਣ ਦਾ ਮਹੱਤਵਪੂਰਨ ਕੰਮ ਕਰਦੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਦੀ ਸੱਭਿਆਚਾਰਕ ਪਰੰਪਰਾ ਵੱਖ-ਵੱਖਤਾ ਵਿੱਚ ਏਕਤਾ, ਸਹਿ-ਹੋਂਦ, ਮਾਨਵੀ ਮੁੱਲਾਂ, ਲੋਕ-ਜੀਵਨ ਅਤੇ ਸਮਾਜਿਕ ਸਦਭਾਵਨਾ ਦੀ ਅਮੀਰ ਵਿਰਾਸਤ ਨੂੰ ਸਮੋਈ ਬੈਠੀ ਹੈ। ਸਮਕਾਲੀ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਇਹ ਰਚਨਾ ਪਾਠਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਯੁਵਾ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਡੂੰਘਾਈ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰੇਗੀ।

ਪੁਸਤਕ ਵਿੱਚ ਭਾਰਤੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ, ਪਰੰਪਰਾਵਾਂ ਅਤੇ ਸਮਾਜਿਕ ਮੁੱਲਾਂ 'ਤੇ ਕੇਂਦਰਿਤ 20 ਵਿਚਾਰ-ਉਤੇਜਕ ਨਿਬੰਧ ਸੰਕਲਿਤ ਹਨ। ਇਹ ਰਚਨਾ ਬਦਲਦੇ ਸਮੇਂ ਵਿੱਚ ਸੱਭਿਆਚਾਰਕ ਪ੍ਰਸੰਗਿਕਤਾ ਨੂੰ ਰੇਖਾਂਕਿਤ ਕਰਦੇ ਹੋਏ ਅਮੀਰ ਪਰੰਪਰਾ ਅਤੇ ਸਮਕਾਲੀ ਚਿੰਤਨ ਵਿਚਕਾਰ ਸਾਰਥਕ ਸੰਵਾਦ ਸਥਾਪਿਤ ਕਰਦੀ ਹੈ।

ਇਹ ਪੁਸਤਕ ਵਿਦਿਆਰਥੀਆਂ, ਖੋਜਾਰਥੀਆਂ, ਸਾਹਿਤ ਪ੍ਰੇਮੀਆਂ ਅਤੇ ਭਾਰਤੀ ਸੱਭਿਆਚਾਰ ਵਿੱਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਬਹੁਤ ਉਪਯੋਗੀ ਸਾਬਤ ਹੋਵੇਗੀ।

ਲੇਖਕ ਪਦਮਸ਼੍ਰੀ ਡਾ. ਸੰਤਰਾਮ ਦੇਸ਼ਵਾਲ ਨੇ ਆਪਣੀ ਲੇਖਣੀ ਯਾਤਰਾ ਸਾਂਝੀ ਕਰਦਿਆਂ ਦੱਸਿਆ ਕਿ ਸਾਹਿਤ ਅਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦਾ ਲਗਾਅ ਉਨ੍ਹਾਂ ਨੂੰ ਨਿਰੰਤਰ ਪ੍ਰੇਰਿਤ ਕਰਦਾ ਰਿਹਾ ਹੈ। ਉਨ੍ਹਾਂ ਦੀਆਂ ਹੁਣ ਤੱਕ ਲਗਭਗ ਤਿੰਨ ਡਜ਼ਨ (36) ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਹਰਿਆਣਵੀ ਸਾਹਿਤ, ਲੋਕ ਸੱਭਿਆਚਾਰ, ਭਾਸ਼ਾ, ਕਵਿਤਾ, ਗ਼ਜ਼ਲ, ਯਾਤਰਾ-ਵਰਣਨ, ਜੀਵਨੀ, ਅਨੁਵਾਦ ਅਤੇ ਸਮੀਖਿਆ ਵਰਗੇ ਵੱਖ-ਵੱਖ ਵਿਸ਼ੇ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਡਾ. ਦੇਸ਼ਵਾਲ ਦੀਆਂ ਦੋ ਪੁਸਤਕਾਂ ਨੂੰ 'ਹਰਿਆਣਾ ਸਾਹਿਤ ਅਕਾਦਮੀ' ਦੇ ਸਰਵੋਤਮ ਰਚਨਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਸਾਹਿਤ ਵਿੱਚ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਰਾਜ ਦੇ ਸਰਵਉੱਚ ਸਾਹਿਤਕ ਸਨਮਾਨਾਂ ਵਿੱਚ ਸ਼ਾਮਲ ‘ਮਹਾਕਵੀ ਸੂਰਦਾਸ ਆਜੀਵਨ ਸਾਹਿਤ ਸਾਧਨਾ ਸਨਮਾਨ’ ਅਤੇ ‘ਜਨਕਵੀ ਮੇਹਰ ਸਿੰਘ ਪੁਰਸਕਾਰ’ ਨਾਲ ਵੀ ਨਵਾਜ਼ਿਆ ਗਿਆ ਹੈ।

ਇਸ ਮੌਕੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਸ਼੍ਰੀ ਮਾਨਵ ਮਲਿਕ ਅਤੇ ਪ੍ਰੋਜੈਕਟ ਡਾਇਰੈਕਟਰ ਡਾ. ਪਵਨ ਆਰੀਆ ਵੀ ਮੌਜੂਦ ਸਨ।