ਪਟਿਆਲਾ (ਮਨਪ੍ਰੀਤ ਸਿੰਘ):- ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਹੇਠ ਅੱਜ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਡਿਪੂਆਂ ਨਾਲ ਸਬੰਧਤ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਪੈਨਸ਼ਨ ਜਾਰੀ ਕੀਤੀ ਜਾਵੇ ਅਤੇ ਸਾਰੇ ਰਹਿੰਦੇ ਬਕਾਏ, ਜਿਵੇਂ ਕਿ 2016 ਦੇ ਪੇਅ ਕਮਿਸ਼ਨ ਦੇ ਬਕਾਏ, ਮੈਡੀਕਲ ਬਿੱਲਾਂ ਦੇ ਬਕਾਏ ਅਤੇ ਨਵੇਂ ਸੇਵਾਮੁਕਤ ਮੁਲਾਜ਼ਮਾਂ ਦੇ ਬਕਾਏ ਤੁਰੰਤ ਦਿੱਤੇ ਜਾਣ। ਮੀਟਿੰਗ ਦੀ ਸ਼ੁਰੂਆਤ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਸਬੰਧੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਹੋਈ।

ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਆਪਣੀਆਂ ਮੰਗਾਂ ਸਬੰਧੀ ਪਿਛਲੇ ਦਿਨੀਂ ਪੀ.ਆਰ.ਟੀ.ਸੀ. ਦੀ ਮੈਨੇਜਿੰਗ ਡਾਇਰੈਕਟਰ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਮੈਨੇਜਿੰਗ ਡਾਇਰੈਕਟਰ ਨੇ ਉਨ੍ਹਾਂ ਦੀ ਗੱਲ ਮੰਨਦਿਆਂ ਤੁਰੰਤ ਮਹਿੰਗਾਈ ਭੱਤੇ (ਡੀ.ਏ.) ਸਬੰਧੀ ਹੁਕਮ ਜਾਰੀ ਕਰ ਦਿੱਤੇ ਅਤੇ 8 ਫ਼ੀਸਦੀ ਡੀ.ਏ. ਜੋੜ ਕੇ ਪੈਨਸ਼ਨ ਮੁੜ ਤੈਅ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਨੇ ਭਰੋਸਾ ਦਿੱਤਾ ਹੈ ਕਿ ਥੋੜ੍ਹੇ ਸਮੇਂ ਅੰਦਰ ਹੀ ਬਕਾਇਆਂ ਦੀ ਅਦਾਇਗੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਐਸੋਸੀਏਸ਼ਨ ਨਾਲ ਹਰ ਮਹੀਨੇ ਮੀਟਿੰਗ ਕਰਨ ਦਾ ਭਰੋਸਾ ਵੀ ਦਿੱਤਾ, ਤਾਂ ਜੋ ਆਉਣ ਵਾਲੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਕੱਢਿਆ ਜਾ ਸਕੇ। ਕੰਗਣਵਾਲ ਨੇ ਸਮੁੱਚੇ ਪੈਨਸ਼ਨਰਾਂ ਨੂੰ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ।

ਜਨਰਲ ਸਕੱਤਰ ਹਰੀ ਸਿੰਘ ‘ਚਮਕ’ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਬਾਡੀ ਨੂੰ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕੇਂਦਰੀ ਬਾਡੀ ਕਮਜ਼ੋਰ ਹੋਵੇ। ਕੇਂਦਰੀ ਬਾਡੀ ਮਜ਼ਬੂਤ ਹੋਵੇਗੀ ਤਾਂ ਸਾਰੀਆਂ ਮੰਗਾਂ ਆਸਾਨੀ ਨਾਲ ਮਨਵਾਈਆਂ ਜਾ ਸਕਣਗੀਆਂ। ਉਨ੍ਹਾਂ ਨੇ ਬਕਾਇਆਂ ਦੀ ਅਦਾਇਗੀ ਦੇ ਨਾਲ-ਨਾਲ ਅਦਾਰੇ ਵਿੱਚ ਠੇਕੇ ਦੇ ਆਧਾਰ ’ਤੇ ਅਤੇ ਆਊਟਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਵੀ ਕੀਤੀ।

ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਧਾਰਮਿਕ ਉਦਾਹਰਣਾਂ ਦੇ ਕੇ ਏਕਤਾ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ ’ਤੇ ਐਸੋਸੀਏਸ਼ਨ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਅਕਤੂਬਰ ਮਹੀਨੇ ਦੀ ਪੈਨਸ਼ਨ ਦੀਵਾਲੀ ਤੋਂ ਪਹਿਲਾਂ ਜਾਰੀ ਕੀਤੀ ਜਾਵੇ, ਤਾਂ ਜੋ ਇਹ ਤਿਉਹਾਰ ਖੁਸ਼ੀ ਨਾਲ ਮਨਾਇਆ ਜਾ ਸਕੇ। ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਰਹਿੰਦੇ ਬਕਾਇਆਂ ਦੀ ਤੁਰੰਤ ਅਦਾਇਗੀ ਕੀਤੀ ਜਾਵੇ, ਤਾਂ ਜੋ ਬੁਢਾਪੇ ਵਿੱਚ ਉਨ੍ਹਾਂ ਨੂੰ ਕੋਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਨਾ ਹੋਣਾ ਪਵੇ।

ਇਸ ਮੌਕੇ ਮਾਨਸਾ ਵਿਖੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਵਿੱਚ ਨਸ਼ਿਆਂ ਨੂੰ ਨੱਥ ਪਾਉਣ ਦੀ ਮੰਗ ਵੀ ਕੀਤੀ ਗਈ।

ਇਸ ਤੋਂ ਇਲਾਵਾ ਮੀਟਿੰਗ ਨੂੰ ਫਰੀਦਕੋਟ ਦੇ ਜਲੌਰ ਸਿੰਘ, ਬੁਢਲਾਡਾ ਦੇ ਰਘਬੀਰ ਸਿੰਘ, ਬਠਿੰਡਾ ਦੇ ਗੋਪਾਲ ਕ੍ਰਿਸ਼ਨ ਮੌੜ, ਬਰਨਾਲਾ ਦੇ ਕੁਲਵਿੰਦਰ ਸਿੰਘ, ਸੰਗਰੂਰ ਦੇ ਉਪਕਾਰ ਸਿੰਘ, ਚੰਡੀਗੜ੍ਹ ਦੇ ਹਰਭਜਨ ਸਿੰਘ, ਪਟਿਆਲਾ ਦੇ ਜੋਗਿੰਦਰ ਸਿੰਘ ਅਤੇ ਕੇਂਦਰੀ ਬਾਡੀ ਦੇ ਮੀਤ ਚੇਅਰਮੈਨ ਲੁਧਿਆਣਾ ਦੇ ਬਚਿੱਤਰ ਸਿੰਘ ਨੇ ਵੀ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਕੇਂਦਰੀ ਬਾਡੀ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਦਫ਼ਤਰ ਸਕੱਤਰ ਬਖਸ਼ੀਸ਼ ਸਿੰਘ, ਪਟਿਆਲਾ ਡਿਪੂ ਦੇ ਜਨਰਲ ਸਕੱਤਰ ਸੂਰਜ ਭਾਨ, ਸੰਤੋਸ਼ ਕ੍ਰਿਸ਼ਨ ਚਪੜ, ਕੇਂਦਰੀ ਬਾਡੀ ਦੇ ਖ਼ਜ਼ਾਨਚੀ ਅਮੋਲਕ ਸਿੰਘ, ਪਟਿਆਲਾ ਡਿਪੂ ਦੇ ਖ਼ਜ਼ਾਨਚੀ ਬਲਵੰਤ ਸਿੰਘ, ਲਲਕਾਰ ਸਿੰਘ ਟਿਵਾਣਾ, ਦਵਿੰਦਰ ਸਿੰਘ ਟਿਵਾਣਾ, ਬਲਰਾਜ ਸਿੰਘ ਟਿਵਾਣਾ, ਬਲਬੀਰ ਸਿੰਘ ਬੁੱਟਰ, ਗੁਰਦੀਪ ਸਿੰਘ, ਘੋਲਾ ਸਿੰਘ ਡੰਡੋਆ, ਮਲਕੀਤ ਸਿੰਘ, ਰਮੇਸ਼ਵਰ ਦਿਆਲ, ਮਨਜੀਤ ਸਿੰਘ, ਬਲਬੀਰ ਸਿੰਘ ਗਲੌਂਡਰ ਅਤੇ ਨਿਰਪਾਲ ਸਿੰਘ ਨੇ ਵੀ ਭਰਪੂਰ ਯੋਗਦਾਨ ਪਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਹਰੀ ਸਿੰਘ ‘ਚਮਕ’ ਨੇ ਬਾਖੂਬੀ ਨਿਭਾਈ।