ਪਟਿਆਲਾ (ਮਨਰੀਤ ਸਿੰਘ):- ਤੁਲਸੀ ਅਤੇ ਸਾਲਿਗਰਾਮ ਦਾ ਵਿਆਹ ਬੜੀ ਧੂਮ-ਧਾਮ ਨਾਲ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਮਨਾਇਆ ਗਿਆ। ਇਸ ਮੌਕੇ ਜ਼ਰੂਰਤਮੰਦ ਵਿਅਕਤੀਆਂ ਸੋਨੀਆ ਅਤੇ ਜਸਵਿੰਦਰ ਦੀ ਸ਼ਾਦੀ ਵੀ ਕਰਵਾਈ ਗਈ।

ਤੁਲਸੀ ਦੇ ਵਿਆਹ ਦੀ ਰਸਮ ਸਰਪ੍ਰਸਤ ਸ੍ਰੀ ਤਰਸੇਮ ਵਰਮਾ ਦੇ ਪਰਿਵਾਰ ਵੱਲੋਂ ਕਰਵਾਈ ਗਈ ਅਤੇ ਸਾਲਿਗਰਾਮ ਦੇ ਵਿਆਹ ਦੀ ਰਸਮ ਸ੍ਰੀ ਗਗਨ ਗੁਪਤਾ ਜੀ ਵੱਲੋਂ ਕਰਵਾਈ ਗਈ। ਨਾਸ਼ਤਾ ਕਰਨ ਉਪਰੰਤ ਦੋਵੇਂ ਬਰਾਤਾਂ ਬਾਬਾ ਬਾਲਕ ਨਾਥ ਜੀ ਦੀ ਧਰਮਸ਼ਾਲਾ, ਮੱਥੁਰਾ ਕਾਲੋਨੀ ਤੋਂ ਢੋਲ-ਢਮੱਕੇ ਨਾਲ ਸੰਗਤਾਂ ਦੀ ਮੌਜੂਦਗੀ ਵਿੱਚ ਸ੍ਰੀ ਕੇਦਾਰ ਨਾਥ ਜੀ ਮੰਦਿਰ ਵਿਖੇ ਪਹੁੰਚੀਆਂ। ਸੁਧਾਰ ਸਭਾ ਦੇ ਸਾਰੇ ਮੈਂਬਰਾਂ ਅਤੇ ਭਗਤਾਂ ਨੇ ਦੋਵਾਂ ਬਰਾਤਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਸਨਮਾਨਿਤ ਕੀਤਾ।

ਵਿਆਹ ਦੀਆਂ ਰਸਮਾਂ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਲੜਕੇ ਅਤੇ ਲੜਕੀ ਦੇ ਮਾਤਾ-ਪਿਤਾ ਵੱਲੋਂ ਵਿਆਹ ਦੇ ਪ੍ਰਬੰਧਾਂ ਅਤੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵ-ਵਿਆਹੇ ਜੋੜੇ ਨੂੰ ਲੋੜੀਂਦਾ ਘਰੇਲੂ ਸਮਾਨ ਵੀ ਮੁਹੱਈਆ ਕਰਵਾਇਆ ਗਿਆ। ਖਾਸ ਕਰਕੇ ਤੁਲਸੀ ਦੇ ਵਿਆਹ ਮੌਕੇ ਸੰਗਤਾਂ ਦਾ ਭਾਰੀ ਇਕੱਠ ਸੀ। ਇਹ ਸੁਧਾਰ ਸਭਾ ਵੱਲੋਂ ਚੌਥੀ ਵਾਰ ਕਰਵਾਇਆ ਗਿਆ ਪ੍ਰੋਗਰਾਮ ਸੀ।

ਇਸ ਮੌਕੇ ਕਈ ਪਤਵੰਤੇ ਸੱਜਣ ਪਹੁੰਚੇ, ਜਿਨ੍ਹਾਂ ਵਿੱਚ ਸ੍ਰੀ ਗਿਆਨ ਚੰਦ ਕਟਾਰੀਆ, ਰਾਜੀਵ ਗੋਇਲ, ਓਮ ਪ੍ਰਕਾਸ਼ ਗੋਇਲ, ਮਾਤਾ ਭਵਨੇਸ਼ਵਰੀ ਦੇਵੀ ਅਤੇ ਹਰੀਸ਼ ਸਿੰਗਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ। ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ।

ਕੁੰਜ ਬਿਹਾਰੀ ਸੇਵਾ ਦਲ ਵੱਲੋਂ ਦੂਜਾ ਪੈਦਲ ਜੱਥਾ ਸ਼ਾਮ 7 ਵਜੇ ਸ੍ਰੀ ਕੇਦਾਰ ਨਾਥ ਮੰਦਿਰ ਵਿੱਚ ਨਤਮਸਤਕ ਹੋਣ ਉਪਰੰਤ ਸ਼ਿਵ ਮੰਦਿਰ ਨਿਲਾਸ਼ ਜਾਣ ਲਈ ਰਵਾਨਾ ਹੋਇਆ। ਇਸ ਜੱਥੇ ਵਿੱਚ ਲਗਭਗ 40 ਤੋਂ 42 ਸ਼ਿਵ ਭਗਤ ਸ਼ਾਮਲ ਸਨ। ਇਨ੍ਹਾਂ ਭਗਤਾਂ ਦਾ ਵੀ ਸੰਸਥਾਪਕ ਸਤਨਾਮ ਹਸੀਜਾ ਅਤੇ ਸਾਰੇ ਮੈਂਬਰਾਂ ਵੱਲੋਂ ਸੁਆਗਤ ਅਤੇ ਸਨਮਾਨ ਕੀਤਾ ਗਿਆ।

ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਗਿਆਨ ਚੰਦ ਕਟਾਰੀਆ ਨੇ ਕਿਹਾ ਕਿ ਜੇਕਰ ਸੁਧਾਰ ਸਭਾ ਵੱਲੋਂ ਹਰ ਸਾਲ ਤੁਲਸੀ ਵਿਵਾਹ ਮੌਕੇ ਦੋ ਜਾਂ ਤਿੰਨ ਲੜਕੀਆਂ ਦੀ ਸ਼ਾਦੀ ਕਰਵਾਈ ਜਾਂਦੀ ਹੈ ਤਾਂ ਉਨ੍ਹਾਂ ਦਾ ਸਾਰਾ ਖਰਚਾ ਉਹ ਖੁਦ ਚੁੱਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸ਼ੁਭ ਕਾਰਜ ਬਹੁਤ ਚੰਗਾ ਲੱਗਿਆ ਅਤੇ ਤੁਲਸੀ ਸਾਲਿਗਰਾਮ ਦੇ ਵਿਵਾਹ ਦੇ ਨਾਲ ਜ਼ਰੂਰਤਮੰਦਾਂ ਦੇ ਵਿਆਹ ਕਰਵਾਉਣਾ ਇੱਕ ਉੱਤਮ ਉਪਰਾਲਾ ਹੈ।