ਚੰਡੀਗੜ੍ਹ, 23 ਜੁਲਾਈ:- ਹਰਿਆਣਾ ਵਿੱਚ ਸਮਾਜਿਕ ਸਮਰਸਤਾ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੰਤ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਮੁਹਿੰਮ ਨੂੰ ਲਗਾਤਾਰ ਗਤੀ ਦੇ ਰਹੇ ਹਨ। ਸਾਲ 2014 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਹੀ ਨਹੀਂ, ਸਗੋਂ ਰਾਜਸਥਾਨ, ਪੰਜਾਬ ਅਤੇ ਦਿੱਲੀ ਵਿੱਚ ਵੀ ਮਹਾਂਪੁਰਖਾਂ ਦੇ ਜਯੰਤੀ ਸਮਾਰੋਹਾਂ ਵਿੱਚ ਹਿੱਸਾ ਲੈ ਕੇ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੀ ਸਾਦਗੀ, ਸਹਿਜਤਾ ਅਤੇ ਮਿਲਣਸਾਰ ਸ਼ਖ਼ਸੀਅਤ ਨੇ ਸਮਾਜ ਦੇ ਸਾਰੇ ਵਰਗਾਂ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।
ਮੁੱਖ ਮੰਤਰੀ ਦਾ ਮੰਨਣਾ ਹੈ ਕਿ ਸੰਤ-ਮਹਾਂਪੁਰਖ ਕਿਸੇ ਇੱਕ ਜਾਤੀ, ਵਰਗ ਜਾਂ ਸਮੁਦਾਏ ਦੇ ਨਹੀਂ ਹੁੰਦੇ, ਸਗੋਂ ਉਨ੍ਹਾਂ ਦੇ ਵਿਚਾਰ ਸੰਪੂਰਨ ਮਨੁੱਖ ਸਮਾਜ ਲਈ ਪ੍ਰੇਰਨਾ ਦੇ ਸਰੋਤ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਉੱਨੀਆਂ ਹੀ ਪ੍ਰਸੰਗਿਕ ਹਨ, ਜਿੰਨੀਆਂ ਉਨ੍ਹਾਂ ਦੇ ਸਮੇਂ ਵਿੱਚ ਸਨ।
ਹਰਿਆਣਾ ਸਰਕਾਰ "ਹਰਿਆਣਾ ਏਕ-ਹਰਿਆਣਵੀ ਏਕ" ਦੇ ਮੂਲ ਮੰਤਰ 'ਤੇ ਚੱਲਦਿਆਂ ਸੰਤ-ਮਹਾਂਪੁਰਖਾਂ ਦੀ ਜਯੰਤੀ ਅਤੇ ਸਿੱਖ ਗੁਰੂਆਂ ਦੇ ਪ੍ਰਕਾਸ਼ ਪੁਰਬ ਸਰਕਾਰੀ ਪੱਧਰ 'ਤੇ ਆਯੋਜਿਤ ਕਰਕੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰ ਰਹੀ ਹੈ।
ਸਾਲ 2015 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਹਿਲੀ ਵਾਰ ਸਰਕਾਰੀ ਪੱਧਰ 'ਤੇ ਮਹਿਰਿਸ਼ੀ ਵਾਲਮੀਕਿ ਜਯੰਤੀ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਸੰਤ ਸ਼ਿਰੋਮਣੀ ਰਵੀਦਾਸ, ਸੰਤ ਕਬੀਰਦਾਸ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਮੇਤ ਕਈ ਸੰਤ-ਮਹਾਂਪੁਰਖਾਂ ਦੀਆਂ ਜਯੰਤੀਆਂ ਪੂਰੇ ਸਨਮਾਨ ਨਾਲ ਸਰਕਾਰੀ ਪੱਧਰ 'ਤੇ ਮਨਾਈਆਂ ਜਾ ਰਹੀ ਹਨ। ਇਨ੍ਹਾਂ ਆਯੋਜਨਾਂ ਲਈ ਬਜਟ ਦਾ ਪ੍ਰਾਵਧਾਨ ਕੀਤਾ ਗਿਆ ਹੈ ਅਤੇ ਸੂਬਾ ਸਰਕਾਰ ਦੇ ਸਾਲਾਨਾ ਕੈਲੰਡਰ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਦਿਵਸ ਵਜੋਂ ਸਥਾਨ ਦਿੱਤਾ ਗਿਆ ਹੈ।
ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਚੁੱਕਾ ਹੈ, ਜਿੱਥੇ ਵੱਖ-ਵੱਖ ਸੰਤ-ਮਹਾਂਪੁਰਖਾਂ ਦੀਆਂ ਜਯੰਤੀਆਂ ਸਰਕਾਰੀ ਪੱਧਰ 'ਤੇ ਨਿਯਮਤ ਰੂਪ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿੱਖ ਗੁਰੂਆਂ ਦੇ ਪ੍ਰਕਾਸ਼ ਪੁਰਬਾਂ ਨੂੰ ਵੀ ਸਰਕਾਰੀ ਸਮਾਰੋਹਾਂ ਦਾ ਹਿੱਸਾ ਬਣਾਇਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਸੇਵਾਵਾਂ ਵੀ ਚਲਾਈਆਂ ਗਈਆਂ ਹਨ।

'ਸੰਤ ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ' ਨਾਲ ਘਰ-ਘਰ ਪਹੁੰਚ ਰਹੇ ਹਨ ਮਹਾਂਪੁਰਖਾਂ ਦੇ ਵਿਚਾਰ
ਨੌਜੁਆਨ ਪੀੜ੍ਹੀ ਨੂੰ ਸੰਤ-ਮਹਾਂਪੁਰਖਾਂ ਦੇ ਜੀਵਨ, ਆਦਰਸ਼ਾਂ ਅਤੇ ਸਿੱਖਿਆਵਾਂ ਨਾਲ ਜੋੜਨ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ 'ਸੰਤ ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ' ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਪ੍ਰੋਗਰਾਮ ਆਯੋਜਿਤ ਕਰਕੇ ਮਹਾਂਪੁਰਖਾਂ ਦੇ ਵਿਚਾਰਾਂ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ।
ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਵੀ ਇਸ ਯੋਜਨਾ ਰਾਹੀਂ ਸਮਾਜਿਕ ਸਮਰਸਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾ ਰਿਹਾ ਹੈ। ਮੁੱਖ ਮੰਤਰੀ ਦੇ ਇਨ੍ਹਾਂ ਯਤਨਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ, ਸਮਾਜਿਕ ਸੰਸਥਾਵਾਂ, ਧਰਮ ਗੁਰੂਆਂ ਅਤੇ ਬੁੱਧੀਜੀਵੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਨੇ ਹਰਿਆਣਾ ਵਿੱਚ ਸਮਾਜਿਕ ਸਦਭਾਵਨਾ, ਭਾਈਚਾਰੇ ਅਤੇ ਸੱਭਿਆਚਾਰਕ ਏਕਤਾ ਨੂੰ ਹੋਰ ਵੱਧ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਆਧਾਰ ਤਿਆਰ ਕੀਤਾ ਹੈ।