ਚੰਡੀਗੜ੍ਹ, 30 ਸਤੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਬੁੱਧਵਾਰ ਨੂੰ ‘ਹਰਿਆਣਾ ਦੀ ਆਪਣੀ ਟੈਕਸ-ਰਾਜਸਵ ਵਿਵਸਥਾ’ ਦੀ ਮਜ਼ਬੂਤੀ ਲਈ ਆਯੋਜਿਤ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਮੌਕੇ ਸਵਰਨ ਜਯੰਤੀ ਹਰਿਆਣਾ ਇੰਸਟੀਚਿਊਟ ਫਾਰ ਫਿਸਕਲ ਮੈਨੇਜਮੈਂਟ (ਐਸ.ਜੇ.ਐਚ.ਆਈ.ਐਫ.ਐਮ.) ਅਤੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਚਕਾਰ ਐੱਮ.ਓ.ਯੂ. ਸਾਈਨ ਕੀਤਾ ਗਿਆ। ਇਹ ਸਮਝੌਤਾ ਹਰਿਆਣਾ ਵਿੱਚ ਅਕਾਦਮਿਕ ਖੋਜ, ਨੀਤੀ ਅਧਿਐਨ ਅਤੇ ਸਬੂਤ-ਆਧਾਰਿਤ ਨੀਤੀ ਨਿਰਮਾਣ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਸਾਬਤ ਹੋਵੇਗਾ।
ਐਸ.ਜੇ.ਐਚ.ਆਈ.ਐਫ.ਐਮ. ਵੱਲੋਂ ਡਾ. ਰਾਜ ਨਹਿਰੂ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਵਾਇਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਐਮ.ਓ.ਯੂ. ਦਾ ਅਦਾਨ-ਪ੍ਰਦਾਨ ਕੀਤਾ। ਐਮ.ਓ.ਯੂ. ਦਾ ਮੁੱਖ ਉਦੇਸ਼ ਐਸ.ਜੇ.ਐਚ.ਆਈ.ਐਫ.ਐਮ. ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇੱਕ ਐਕਸਟ੍ਰਾਮਿਊਰਲ ਰਿਸਰਚ ਸੈਂਟਰ ਵਜੋ ਸਥਾਪਿਤ ਕਰਨਾ ਹੈ, ਜਿੱਥੇ ਰਾਜਕੋਸ਼ੀ ਪ੍ਰਬੰਧਨ, ਜਨਤਕ ਨੀਤੀ, ਟਿਕਾਊ ਵਿਕਾਸ ਟੀਚਿਆਂ (ਐਸ.ਡੀ.ਜੀ.) ਦੇ ਅਨੁਕੂਲ ਬਜਟ ਨਿਰਧਾਰਨ, ਡਾਟਾ ਆਧਾਰਿਤ ਸੁਸ਼ਾਸਨ ਅਤੇ ਹੋਰ ਸੰਬੰਧਿਤ ਅੰਤਰ-ਵਿਸ਼ੇਸ਼ ਖੇਤਰਾਂ ਵਿੱਚ ਡਾਕਟੋਰਲ ਖੋਜ ਕੀਤੀ ਜਾ ਸਕੇਗੀ। ਇਹ ਵਿਵਸਥਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਅਤੇ ਯੂਨੀਵਰਸਿਟੀ ਦੇ ਲਾਗੂ ਨਿਯਮਾਂ ਦੇ ਅਧੀਨ ਹੋਵੇਗੀ।
ਇਸ ਸਹਿਯੋਗ ਤਹਿਤ ਖੋਜਕਾਰਾਂ ਨੂੰ ਐਸ.ਜੇ.ਐਚ.ਆਈ.ਐਫ.ਐਮ. ਵਿੱਚ ਆਪਣੇ ਮੁੱਖ ਖੋਜ ਕਾਰਜ ਕਰਨ ਦਾ ਮੌਕਾ ਮਿਲੇਗਾ ਅਤੇ ਨਾਲ ਹੀ ਉਹ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਅਕਾਦਮਿਕ ਮੁਹਾਰਤ ਅਤੇ ਖੋਜ ਮਾਹੌਲ ਦਾ ਲਾਭ ਚੁੱਕ ਸਕਣਗੇ। ਦੋਵੇਂ ਸੰਸਥਾਵਾਂ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਸਾਂਝੇ ਖੋਜ ਪ੍ਰੋਜੈਕਟਾਂ, ਨੀਤੀ ਅਧਿਐਨਾਂ, ਪ੍ਰਕਾਸ਼ਨਾਂ, ਵਰਕਿੰਗ ਪੇਪਰਾਂ, ਸੰਮੇਲਨਾਂ, ਸੈਮੀਨਾਰਾਂ ਅਤੇ ਹੋਰ ਅਕਾਦਮਿਕ ਅਤੇ ਨੀਤੀ-ਕੇਂਦਰਿਤ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰਨਗੀਆਂ।
ਐਮ.ਓ.ਯੂ. ਤਹਿਤ ਯੋਗ ਐਸ.ਜੇ.ਐਚ.ਆਈ.ਐਫ.ਐਮ. ਖੋਜਕਰਤਾਵਾਂ ਅਤੇ ਫੈਕਲਟੀ ਮੈਂਬਰਾਂ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਨਿਰਧਾਰਿਤ ਅਕਾਦਮਿਕ ਪ੍ਰਕਿਰਿਆ ਰਾਹੀਂ ਪੀ.ਐਚ.ਡੀ. ਸੁਪਰਵਾਈਜ਼ਰ ਵਜੋਂ ਮਾਨਤਾ ਦਿੱਤੇ ਜਾਣ 'ਤੇ ਵੀ ਵਿਚਾਰ ਕੀਤਾ ਜਾ ਸਕੇਗਾ। ਰਜਿਸਟਰਡ ਖੋਜਕਾਰ ਲੋੜੀਂਦੀ ਇਜਾਜ਼ਤ ਅਤੇ ਗੁਪਤਤਾ ਸੰਬੰਧੀ ਪ੍ਰਬੰਧਾਂ ਦੇ ਅਧੀਨ ਦੋਵਾਂ ਸੰਸਥਾਵਾਂ ਦੀਆਂ ਸੰਬੰਧਿਤ ਖੋਜ ਸਹੂਲਤਾਂ, ਡਾਟਾਸੈਟਾਂ ਅਤੇ ਗਿਆਨ ਸਰੋਤਾਂ ਦੀ ਵਰਤੋਂ ਕਰ ਸਕਣਗੇ। ਇਸ ਐਮ.ਓ.ਯੂ. ਲਈ ਐਸ.ਜੇ.ਐਚ.ਆਈ.ਐਫ.ਐਮ. ਦੇ ਸਲਾਹਕਾਰ ਪ੍ਰੋ. ਆਰ.ਐਸ. ਰਾਠੌਰ ਨੇ ਤਾਲਮੇਲ ਕੀਤਾ। ਉਨ੍ਹਾਂ ਦੇ ਯਤਨਾਂ ਨਾਲ ਦੋਵਾਂ ਸੰਸਥਾਵਾਂ ਵਿਚਕਾਰ ਇਸ ਸੰਸਥਾਗਤ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ।
ਇਹ ਪਹਿਲ ਹਰਿਆਣਾ ਵਿੱਚ ਇੱਕ ਮਜ਼ਬੂਤ ਖੋਜ ਤੰਤਰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਇਸ ਨਾਲ ਪ੍ਰਭਾਵੀ ਸੁਸ਼ਾਸਨ, ਮਜ਼ਬੂਤ ਰਾਜਕੋਸ਼ੀ ਪ੍ਰਬੰਧਨ, ਟਿਕਾਊ ਵਿਕਾਸ ਅਤੇ ਬਿਹਤਰ ਜਨਤਕ ਨੀਤੀ ਨਿਰਮਾਣ ਲਈ ਸਬੂਤ-ਆਧਾਰਿਤ ਗਿਆਨ ਨੂੰ ਉਤਸ਼ਾਹ ਮਿਲੇਗਾ।
