ਪਟਿਆਲਾ (ਕਾਕਾ ਰਾਮ ਵਰਮਾ):- ਮੌਕ ਡਰਿੱਲਾਂ ਦਾ ਮੁੱਖ ਉਦੇਸ਼ ਭਵਿੱਖ ਵਿੱਚ ਆਉਣ ਵਾਲੀਆਂ ਆਫ਼ਤਾਂ ਸਮੇਂ ਬਚਾਅ ਲਈ ਲੋਕਾਂ ਨੂੰ ਤਿਆਰ ਕਰਨਾ ਅਤੇ ਐਮਰਜੈਂਸੀ ਹਾਲਾਤ ਵਿੱਚ ਜਾਨ-ਮਾਲ ਦੀ ਰੱਖਿਆ ਕਰਨ ਲਈ ਲੋੜੀਂਦਾ ਗਿਆਨ ਤੇ ਹੁਨਰ ਦੇਣਾ ਹੈ। ਅਨੇਕਾਂ ਸ਼ਕਤੀਸ਼ਾਲੀ ਅਤੇ ਵਿਕਾਸਸ਼ੀਲ ਦੇਸ਼ਾਂ ਨੇ ਰਸਾਇਣਕ ਤੇ ਪ੍ਰਮਾਣੂ ਹਥਿਆਰਾਂ, ਐਟਮੀ ਬੰਬਾਂ, ਮਿਜ਼ਾਈਲਾਂ ਅਤੇ ਡਰੋਨਾਂ ਦੇ ਭੰਡਾਰ ਇਕੱਠੇ ਕੀਤੇ ਹੋਏ ਹਨ। ਇਨ੍ਹਾਂ ਵਿਨਾਸ਼ਕਾਰੀ ਹਥਿਆਰਾਂ ਦੀ ਵਰਤੋਂ ਕਦੇ ਵੀ ਕੀਤੀ ਜਾ ਸਕਦੀ ਹੈ। ਘਰਾਂ, ਇਮਾਰਤਾਂ, ਹਸਪਤਾਲਾਂ, ਫੈਕਟਰੀਆਂ ਅਤੇ ਗੱਡੀਆਂ ਵਿੱਚ ਵੀ ਵੱਖ-ਵੱਖ ਰੂਪਾਂ ਵਿੱਚ ਰਸਾਇਣਕ ਅਤੇ ਰੇਡੀਓਐਕਟਿਵ ਪਦਾਰਥਾਂ ਦੀ ਵਰਤੋਂ ਹੋ ਰਹੀ ਹੈ। ਹਰ ਰੋਜ਼ ਵਾਪਰਨ ਵਾਲੀਆਂ ਦੁਰਘਟਨਾਵਾਂ ਕਾਰਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਜਾਇਦਾਦ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਅਤੇ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਅਨੇਕਾਂ ਦੇਸ਼ਾਂ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਮੁਲਾਜ਼ਮਾਂ, ਫੈਕਟਰੀ ਕਰਮਚਾਰੀਆਂ, ਐਨਐਸਐਸ ਵਲੰਟੀਅਰਾਂ, ਐਨਸੀਸੀ ਕੈਡਿਟਾਂ, ਸਕਾਊਟ-ਗਾਈਡ ਅਤੇ ਰੈੱਡ ਕਰਾਸ ਵਰਕਰਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀਪੀਆਰ, ਜ਼ਖਮੀਆਂ ਦੀ ਦੇਖਭਾਲ, ਫਾਇਰ ਸੇਫਟੀ ਅਤੇ ਗੈਸ ਸਿਲੰਡਰਾਂ ਦੀ ਸੁਰੱਖਿਅਤ ਵਰਤੋਂ ਬਾਰੇ ਲਗਾਤਾਰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਬੰਧੀ ਅਭਿਆਸ ਅਤੇ ਮੌਕ ਡਰਿੱਲਾਂ ਵੀ ਕਰਵਾਈਆਂ ਜਾਂਦੀਆਂ ਹਨ।
ਹਰੇਕ ਜ਼ਿੰਦਗੀ ਦੀ ਮਹੱਤਤਾ ਨੂੰ ਸਮਝਦੇ ਹੋਏ ਰੈੱਡ ਕਰਾਸ ਸੁਸਾਇਟੀ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਅਤੇ ਆਫ਼ਤ ਪ੍ਰਬੰਧਨ, ਫਸਟ ਏਡ, ਸੇਫਟੀ ਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਮੁੱਖ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਸਿੱਖਿਆ ਸੰਸਥਾਵਾਂ, ਫੈਕਟਰੀਆਂ ਅਤੇ ਨਰਸਿੰਗ ਕਾਲਜਾਂ ਵਿੱਚ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਬਿਮਾਰੀਆਂ ਦੇ ਮੁਕਾਬਲੇ ਘਰਾਂ, ਫੈਕਟਰੀਆਂ, ਹਸਪਤਾਲਾਂ ਅਤੇ ਗੱਡੀਆਂ ਵਿੱਚ ਵਾਪਰਨ ਵਾਲੀਆਂ ਦੁਰਘਟਨਾਵਾਂ ਤੋਂ ਇਲਾਵਾ ਦੁਨੀਆ ਭਰ ਵਿੱਚ ਆਫ਼ਤਾਂ, ਜੰਗਾਂ, ਰਸਾਇਣਕ ਤੇ ਪ੍ਰਮਾਣੂ ਘਟਨਾਵਾਂ ਅਤੇ ਧਮਾਕਿਆਂ ਕਾਰਨ ਵਧੇਰੇ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਕਿ ਹਰ ਰੋਜ਼ ਦੁਰਘਟਨਾਵਾਂ ਵਿੱਚ ਮਰ ਰਹੇ ਹਜ਼ਾਰਾਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦੁੱਖ ਨੂੰ ਦੇਖਣ ਦੇ ਬਾਵਜੂਦ ਵਿਦਿਆਰਥੀਆਂ, ਨੌਜਵਾਨਾਂ ਅਤੇ ਕਰਮਚਾਰੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਦੀ ਲੋੜੀਂਦੀ ਸਿਖਲਾਈ ਤੇ ਵਿਹਾਰਕ ਅਭਿਆਸ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਕਿਹਾ ਕਿ ਹਰੇਕ ਇਮਾਰਤ ਅਤੇ ਗੱਡੀ ਵਿੱਚ ਸਿਲੰਡਰਾਂ, ਗੈਸਾਂ, ਬਿਜਲੀ ਅਤੇ ਪੈਟਰੋਲੀਅਮ ਪਦਾਰਥਾਂ ਵਰਗੀਆਂ ਕਈ ਚੀਜ਼ਾਂ ਮੌਜੂਦ ਹਨ, ਜੋ ਆਫ਼ਤ ਅਤੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਮਹਿਮਾਨਾਂ ਅਤੇ ਸਾਥੀਆਂ ਨੂੰ ਕੁਝ ਸਮੇਂ ਲਈ ਖੁਸ਼ ਕਰਨ ਵਾਸਤੇ ਵਿਦਿਆਰਥੀਆਂ ਦੇ ਨਾਚ-ਗਾਣੇ ਅਤੇ ਮਨੋਰੰਜਨ ਵਾਲੇ ਪ੍ਰੋਗਰਾਮਾਂ ਦੀਆਂ ਰਿਹਰਸਲਾਂ ਤੇ ਪੇਸ਼ਕਾਰੀਆਂ ਨੂੰ ਮੌਕ ਡਰਿੱਲ ਨਹੀਂ ਸਮਝਣਾ ਚਾਹੀਦਾ। ਮੌਕ ਡਰਿੱਲਾਂ ਗੰਭੀਰ ਅਤੇ ਵਿਹਾਰਕ ਅਭਿਆਸ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਲੋਕ ਐਮਰਜੈਂਸੀ ਹਾਲਾਤ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰ ਸਕਣ ਅਤੇ ਅਨਮੋਲ ਜਾਨਾਂ ਬਚਾ ਸਕਣ।
