ਸ੍ਰੀਨਗਰ:- ਦੱਖਣੀ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਨੂੰ ਆਪਣੀ ਨਾਕਾ ਡਿਊਟੀ ਦੀ ਸੁਰੱਖਿਆ ਵਿਵਸਥਾ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ। ਕੁਲਗਾਮ ਦੇ ਅਖਰਾਨ ਇਲਾਕੇ ਵਿੱਚ 11 ਨਵੰਬਰ ਨੂੰ ਸੀ.ਆਰ.ਪੀ.ਐੱਫ. ਦੇ ਨਾਕੇ ’ਤੇ ਹੋਏ ਹਮਲੇ ਵਿੱਚ ਤਿੰਨ ਜਵਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਬਲ ਨੇ ਘਾਟੀ ਵਿੱਚ ਤਾਇਨਾਤ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ।
ਹੁਣ ਸੰਵੇਦਨਸ਼ੀਲ ਨਾਕਾ ਪੁਆਇੰਟਾਂ ’ਤੇ ਤਾਇਨਾਤ ਜਵਾਨਾਂ ਲਈ ਬੁਲੇਟਪਰੂਫ ਜੈਕੇਟ ਪਹਿਨਣਾ ਅਤੇ ਸੁਰੱਖਿਅਤ ਬੰਕਰਾਂ ਦੀ ਵਰਤੋਂ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ। ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਗੰਭੀਰ ਲਾਪਰਵਾਹੀ ਮੰਨਿਆ ਜਾਵੇਗਾ।
ਨਵੀਂ ਐਡਵਾਈਜ਼ਰੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਰਹਿਣ ਵਾਲੀਆਂ ਸੰਵੇਦਨਸ਼ੀਲ ਥਾਵਾਂ ’ਤੇ ਜਵਾਨਾਂ ਦੀ ਤਾਇਨਾਤੀ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਨਾਲ ਹੀ ਕੀਤੀ ਜਾਵੇ। ਨਾਕਾ ਪੁਆਇੰਟਾਂ ਅਤੇ ਸਥਾਈ ਤਾਇਨਾਤੀ ਵਾਲੀਆਂ ਥਾਵਾਂ ’ਤੇ ਬੁਲੇਟਪਰੂਫ ਸੁਰੱਖਿਆ ਮੋਰਚੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋੜੀਂਦੀ ਰੌਸ਼ਨੀ ਅਤੇ ਪ੍ਰਭਾਵਸ਼ਾਲੀ ਸੰਚਾਰ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜਵਾਨਾਂ ਨੂੰ ਡਿਊਟੀ ਦੌਰਾਨ ਨਿਰਧਾਰਤ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਨੀ ਹੋਵੇਗੀ ਅਤੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਰੱਖਣੀ ਹੋਵੇਗੀ।
ਸੀ.ਆਰ.ਪੀ.ਐੱਫ. ਨੇ ਨਾਕਾ ਡਿਊਟੀ ਦੌਰਾਨ ਜਵਾਨਾਂ ਦੀ ਚੌਕਸੀ ਨੂੰ ਲੈ ਕੇ ਵੀ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਡਿਊਟੀ ਦੇ ਸਮੇਂ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ ਅਧਿਕਾਰਤ ਲੋੜ ਮੁਤਾਬਕ ਮਨਜ਼ੂਰਸ਼ੁਦਾ ਕਰਮਚਾਰੀਆਂ ਨੂੰ ਹੀ ਮੋਬਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ। ਜਵਾਨਾਂ ਨੂੰ ਨਿਰਧਾਰਤ ਸੁਰੱਖਿਆ ਸਥਿਤੀ ਵਿੱਚ ਤਾਇਨਾਤ ਰਹਿਣ, ਆਲੇ-ਦੁਆਲੇ ਦੇ ਇਲਾਕੇ ’ਤੇ ਨਿਗਰਾਨੀ ਰੱਖਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਸਾਂਝੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਨਾਕਾ ਪੁਆਇੰਟਾਂ ਦੀ ਮੌਜੂਦਾ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਕੇ ਜਿੱਥੇ ਲੋੜ ਹੋਵੇ, ਉੱਥੇ ਵਾਧੂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
