ਡੇਰਾਬੱਸੀ/ਐੱਸ.ਏ.ਐੱਸ. ਨਗਰ, 16 ਨਵੰਬਰ 2026:- ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਆਬਾਦੀ ਦੀ ਗਣਨਾ ਦੀ ਸ਼ੁਰੂਆਤ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਆਪਣੇ ਜੱਦੀ ਪਿੰਡ ਬਾਕਰਪੁਰ ਟੈਂਕੀ ਵਿਖੇ ਡਿਜੀਟਲ ਪੋਰਟਲ ਰਾਹੀਂ ਆਪਣੀ ਸਵੈ-ਗਣਨਾ ਦੀ ਪ੍ਰਕਿਰਿਆ ਮੁਕੰਮਲ ਕੀਤੀ।

ਤਹਿਸੀਲ ਡੇਰਾਬੱਸੀ ਦੇ ਪ੍ਰਸ਼ਾਸਨ ਵੱਲੋਂ ਸਵੈ-ਗਣਨਾ ਮੁਹਿੰਮ ਤਹਿਤ ਇਹ ਪ੍ਰਕਿਰਿਆ ਅੱਜ ਸਵੇਰੇ ਨੇਪਰੇ ਚਾੜ੍ਹੀ ਗਈ। ਇਸ ਮੌਕੇ ਫੀਲਡ ਟ੍ਰੇਨਰ ਸ੍ਰੀਮਤੀ ਰੁਚੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਪੀ.ਐੱਮ. ਸ੍ਰੀ ਮੁਬਾਰਕਪੁਰ ਸਕੂਲ ਅਤੇ ਐਨੂਮਰੇਟਰ ਸ੍ਰੀ ਜਸਵਿੰਦਰ ਸਿੰਘ, ਸਾਇੰਸ ਮਾਸਟਰ, ਜੜੌਤ ਵੱਲੋਂ ਤਕਨੀਕੀ ਸਹਿਯੋਗ ਦਿੱਤਾ ਗਿਆ।

ਸਵੈ-ਗਣਨਾ ਮੁਕੰਮਲ ਕਰਨ ਉਪਰੰਤ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਹਲਕਾ ਡੇਰਾਬੱਸੀ ਸਮੇਤ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ 16 ਤੋਂ 30 ਨਵੰਬਰ 2026 ਤੱਕ ਚੱਲਣ ਵਾਲੀ ਸਵੈ-ਗਣਨਾ ਪ੍ਰਕਿਰਿਆ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਘਰ ਬੈਠੇ ਹੀ ਸਰਕਾਰੀ ਡਿਜੀਟਲ ਪੋਰਟਲ https://se.census.gov.in ਰਾਹੀਂ ਆਪਣੇ ਪਰਿਵਾਰ ਅਤੇ ਘਰ ਸਬੰਧੀ ਵੇਰਵੇ ਦਰਜ ਕਰਨ।

ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜੇ ਦੇਸ਼ ਅਤੇ ਸੂਬੇ ਦੀਆਂ ਭਵਿੱਖੀ ਵਿਕਾਸ ਯੋਜਨਾਵਾਂ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਲੋਕ ਭਲਾਈ ਦੀਆਂ ਨੀਤੀਆਂ ਤਿਆਰ ਕਰਨ ਲਈ ਬੇਹੱਦ ਮਹੱਤਵਪੂਰਨ ਹਨ। ਇਸ ਲਈ ਹਰੇਕ ਨਾਗਰਿਕ ਦੀ ਸ਼ਮੂਲੀਅਤ ਅਤੇ ਸਹੀ ਜਾਣਕਾਰੀ ਦਰਜ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਵੈ-ਗਣਨਾ ਦੀ ਸਹੂਲਤ ਨਾਲ ਲੋਕ ਘਰ ਬੈਠੇ ਹੀ ਆਸਾਨੀ ਨਾਲ ਆਪਣੀ ਜਾਣਕਾਰੀ ਦਰਜ ਕਰਵਾ ਸਕਦੇ ਹਨ।

ਵਿਧਾਇਕ ਨੇ ਇਹ ਵੀ ਅਪੀਲ ਕੀਤੀ ਕਿ ਆਨਲਾਈਨ ਸਵੈ-ਗਣਨਾ ਮੁਕੰਮਲ ਕਰਨ ਉਪਰੰਤ ਪ੍ਰਾਪਤ ਹੋਣ ਵਾਲੀ ਸਵੈ-ਗਣਨਾ ਆਈ.ਡੀ. (SE ID) ਨੂੰ ਸੰਭਾਲ ਕੇ ਰੱਖਿਆ ਜਾਵੇ, ਕਿਉਂਕਿ ਦਸੰਬਰ ਮਹੀਨੇ ਵਿੱਚ ਘਰ-ਘਰ ਆਉਣ ਵਾਲੇ ਗਣਨਾਕਾਰਾਂ ਵੱਲੋਂ ਜਾਣਕਾਰੀ ਦੀ ਤਸਦੀਕ ਸਮੇਂ ਇਸ ਦੀ ਲੋੜ ਪਵੇਗੀ।

ਉਨ੍ਹਾਂ ਸਮੂਹ ਨਾਗਰਿਕਾਂ ਨੂੰ ਇਸ ਕੌਮੀ ਮਹੱਤਵ ਦੇ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਹੀ ਜਨਗਣਨਾ, ਬਿਹਤਰ ਯੋਜਨਾਬੰਦੀ ਅਤੇ ਸਰਬਪੱਖੀ ਵਿਕਾਸ ਦੀ ਮਜ਼ਬੂਤ ਨੀਂਹ ਹੈ।