ਪਟਿਆਲਾ (ਮਨਪ੍ਰੀਤ ਸਿੰਘ):- ਮਿਡ-ਡੇ-ਮੀਲ ਵਰਕਰਾਂ, ਸਰਕਾਰੀ ਸਕੂਲਾਂ ਦੇ ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੀਆਂ ਜਾਇਜ਼ ਮੰਗਾਂ ਦੇ ਨਿਪਟਾਰੇ ਲਈ ਜਥੇਬੰਦੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਸਿੱਖਿਆ), ਪਟਿਆਲਾ ਨੂੰ ਯਾਦ-ਪੱਤਰ ਸੌਂਪ ਕੇ ਤੁਰੰਤ ਮੀਟਿੰਗ ਦਾ ਸਮਾਂ ਤੈਅ ਕਰਨ ਦੀ ਮੰਗ ਕੀਤੀ ਗਈ ਹੈ।
ਜਥੇਬੰਦੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ 20 ਮਾਰਚ ਨੂੰ ਰੈਲੀ ਕਰਨ ਤੋਂ ਬਾਅਦ ਵਰਕਰਾਂ ਦੀਆਂ ਮੰਗਾਂ ਸਬੰਧੀ ਮੰਗ-ਪੱਤਰ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਕਈ ਵਾਰ ਯਾਦ-ਪੱਤਰ ਦੇ ਕੇ ਮੀਟਿੰਗ ਦੀ ਮੰਗ ਕੀਤੀ ਗਈ, ਪਰ ਅਜੇ ਤੱਕ ਨਾ ਕੋਈ ਤਸੱਲੀਬਖ਼ਸ਼ ਜਵਾਬ ਮਿਲਿਆ ਹੈ ਅਤੇ ਨਾ ਹੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਇਸ ਕਾਰਨ ਵਰਕਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਜਥੇਬੰਦੀ ਨੇ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਦਾਇਰੇ ਵਿੱਚ ਲਿਆਂਦਾ ਜਾਵੇ, ਉਨ੍ਹਾਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਬਣਦਾ ਭੱਤਾ ਦਿੱਤਾ ਜਾਵੇ। ਖਾਣਾ ਤਿਆਰ ਕਰਦੇ ਸਮੇਂ ਕਿਸੇ ਹਾਦਸੇ ਦੀ ਸਥਿਤੀ ਵਿੱਚ ਮੁਆਵਜ਼ੇ, ਡਾਕਟਰੀ ਸਹਾਇਤਾ ਅਤੇ ਬੀਮੇ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ।
ਸਰਕਾਰੀ ਸਕੂਲਾਂ ਦੇ ਸਫ਼ਾਈ ਸੇਵਕਾਂ ਨੂੰ ਮਿਲ ਰਹੇ 3,000 ਰੁਪਏ ਅਤੇ ਚੌਕੀਦਾਰਾਂ ਨੂੰ ਮਿਲ ਰਹੇ 5,000 ਰੁਪਏ ਮਾਸਿਕ ਮਾਣਭੱਤੇ ਵਿੱਚ ਢੁੱਕਵਾਂ ਵਾਧਾ ਕਰਨ ਦੀ ਮੰਗ ਵੀ ਕੀਤੀ ਗਈ। ਇਸ ਦੇ ਨਾਲ ਹੀ ਘੱਟੋ-ਘੱਟ ਉਜਰਤ ਅਤੇ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਦੇਣ, ਸਫ਼ਾਈ ਸੇਵਕਾਂ ਨੂੰ ਵਰਦੀਆਂ, ਲੋੜੀਂਦੇ ਸੰਦ ਅਤੇ ਸੁਰੱਖਿਆ ਸਮੱਗਰੀ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਕੰਮ ਦਾ ਖੇਤਰ ਨਿਰਧਾਰਤ ਕਰਨ ਦੀ ਮੰਗ ਰੱਖੀ ਗਈ।
ਚੌਕੀਦਾਰਾਂ ਦੇ ਡਿਊਟੀ ਦੇ ਘੰਟੇ ਤੈਅ ਕਰਨ, ਰਾਤ ਦੀ ਡਿਊਟੀ ਕਰਨ ਵਾਲਿਆਂ ਨੂੰ ਸਰਦੀਆਂ ਵਿੱਚ ਗਰਮ ਓਵਰਕੋਟ ਦੇਣ ਅਤੇ ਸਾਰੇ ਵਰਕਰਾਂ ਨੂੰ ਹਫ਼ਤਾਵਾਰੀ ਆਰਾਮ ਦੇ ਨਾਲ ਸਰਦੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇਣ ਦੀ ਮੰਗ ਵੀ ਕੀਤੀ ਗਈ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਹ ਵਰਕਰ ਸਰਕਾਰੀ ਸਕੂਲਾਂ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ, ਪਰ ਉਨ੍ਹਾਂ ਨੂੰ ਢੁੱਕਵੀਂ ਉਜਰਤ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਲਦੀ ਮੀਟਿੰਗ ਦੀ ਮਿਤੀ ਅਤੇ ਸਮਾਂ ਤੈਅ ਕਰਕੇ ਲਿਖਤੀ ਸੂਚਨਾ ਦਿੱਤੀ ਜਾਵੇ, ਤਾਂ ਜੋ ਮੰਗਾਂ ’ਤੇ ਵਿਚਾਰ ਕਰਕੇ ਉਨ੍ਹਾਂ ਦਾ ਢੁੱਕਵਾਂ ਨਿਪਟਾਰਾ ਕੀਤਾ ਜਾ ਸਕੇ।
