ਸੰਗਰੂਰ, 17 ਨਵੰਬਰ 2026:- ਜਨਗਣਨਾ 2027 ਦੇ ਦੂਜੇ ਪੜਾਅ ਤਹਿਤ ਨਗਰ ਕੌਂਸਲ ਸੰਗਰੂਰ ਦੀ ਹੱਦ ਅੰਦਰ ਆਬਾਦੀ ਦੀ ਗਿਣਤੀ ਸੁਚਾਰੂ ਢੰਗ ਨਾਲ ਕਰਵਾਉਣ ਲਈ ਅੱਜ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਜਨਗਣਨਾ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਵੈ-ਗਣਨਾ ਵਿੱਚ ਸ਼ਹਿਰ ਵਾਸੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਅਤੇ 1 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਘਰ-ਘਰ ਗਿਣਤੀ ਲਈ ਲੋੜੀਂਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਜਨਗਣਨਾ ਕਾਰਜ ਨਿਰਦੇਸ਼ਾਲੇ, ਪੰਜਾਬ ਤੋਂ ਸਹਾਇਕ ਡਾਇਰੈਕਟਰ ਵਿਨੋਦ ਯਾਦਵ ਅਤੇ ਜ਼ਿਲ੍ਹਾ ਕੋਆਰਡੀਨੇਟਰ ਵਿਵੇਕ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਦਫ਼ਤਰ, ਸੰਗਰੂਰ ਵੱਲੋਂ ਹਰਵਿੰਦਰ ਸਿੰਘ ਵੀ ਮੀਟਿੰਗ ਵਿੱਚ ਹਾਜ਼ਰ ਸਨ।
ਨੋਡਲ ਅਫ਼ਸਰ ਪੁਸ਼ਪਿੰਦਰ ਪਾਲ ਰਤਨ ਨੇ ਸੁਪਰਵਾਈਜ਼ਰਾਂ ਨੂੰ ਜਨਗਣਨਾ ਦੇ ਦੂਜੇ ਪੜਾਅ ਦੀ ਕਾਰਜ-ਪ੍ਰਕਿਰਿਆ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 30 ਨਵੰਬਰ ਤੱਕ ਜਾਰੀ ਰਹੇਗੀ। ਇਸ ਮਿਆਦ ਦੌਰਾਨ ਸ਼ਹਿਰ ਵਾਸੀਆਂ ਨੂੰ ਆਪਣੀ ਜਾਣਕਾਰੀ ਖ਼ੁਦ ਦਰਜ ਕਰਨ ਦੀ ਸਹੂਲਤ ਬਾਰੇ ਜਾਣੂ ਕਰਵਾਉਣ ਅਤੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਦੌਰਾਨ ਸਮੂਹ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਧੀਨ ਤਾਇਨਾਤ ਗਿਣਤੀਕਾਰਾਂ ਨਾਲ ਜਨਗਣਨਾ ਸਬੰਧੀ ਹਦਾਇਤਾਂ ਵਿਸਥਾਰ ਨਾਲ ਸਾਂਝੀਆਂ ਕਰਨ ਅਤੇ ਹਰੇਕ ਗਿਣਤੀਕਾਰ ਨੂੰ ਅਲਾਟ ਕੀਤੇ ਖੇਤਰ ਦੀ ਸਹੀ ਨਿਸ਼ਾਨਦੇਹੀ ਯਕੀਨੀ ਬਣਾਉਣ। ਖੇਤਰ ਦੀਆਂ ਹੱਦਾਂ ਸਪੱਸ਼ਟ ਹੋਣ ਨਾਲ ਗਿਣਤੀਕਾਰ ਆਪਣੇ ਨਿਰਧਾਰਤ ਇਲਾਕੇ ਦੇ ਸਾਰੇ ਘਰਾਂ ਤੱਕ ਪਹੁੰਚ ਸਕਣਗੇ ਅਤੇ ਪਰਿਵਾਰਾਂ ਦੀ ਜਾਣਕਾਰੀ ਸਹੀ ਢੰਗ ਨਾਲ ਦਰਜ ਕਰ ਸਕਣਗੇ।
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੁਨਿਆਦੀ ਰਾਹੀਂ ਲੋਕਾਂ ਨੂੰ ਸਵੈ-ਗਣਨਾ ਦੀ ਮਿਆਦ ਅਤੇ ਘਰ-ਘਰ ਗਿਣਤੀ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ 30 ਨਵੰਬਰ ਤੱਕ ਸਵੈ-ਗਣਨਾ ਦੀ ਸਹੂਲਤ ਦਾ ਲਾਭ ਲੈਣ ਅਤੇ 1 ਦਸੰਬਰ 2026 ਤੋਂ ਜਦੋਂ ਗਿਣਤੀਕਾਰ ਉਨ੍ਹਾਂ ਦੇ ਘਰ ਆਉਣ ਤਾਂ ਮੰਗੀ ਗਈ ਜਾਣਕਾਰੀ ਸਹੀ ਤੇ ਪੂਰੀ ਦੇ ਕੇ ਉਨ੍ਹਾਂ ਨਾਲ ਸਹਿਯੋਗ ਕਰਨ।
