ਊਨਾ, 12 ਨਵੰਬਰ:- ਮਾਤਾ ਸ੍ਰੀ ਚਿੰਤਪੁਰਨੀ ਮਹੋਤਸਵ ਦੇ ਆਯੋਜਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਲਗਾਤਾਰ ਜਾਰੀ ਹਨ। ਮਹੋਤਸਵ ਹੁਣ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਕਰਵਾਏ ਜਾਣ ਦੀ ਸੰਭਾਵਨਾ ਹੈ। ਇਸ ਲਈ 4 ਤੋਂ 6 ਦਸੰਬਰ ਦੀਆਂ ਤਰੀਕਾਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਪਹਿਲਾਂ ਇਹ ਮਹੋਤਸਵ 22 ਤੋਂ 24 ਨਵੰਬਰ ਤੱਕ ਕਰਵਾਇਆ ਜਾਣਾ ਪ੍ਰਸਤਾਵਿਤ ਸੀ। ਲੋੜੀਂਦੀਆਂ ਪ੍ਰਸ਼ਾਸਨਿਕ ਅਤੇ ਆਯੋਜਨ ਸਬੰਧੀ ਤਿਆਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀਆਂ ਤਰੀਕਾਂ ਵਿੱਚ ਤਬਦੀਲੀ ਕੀਤੀ ਗਈ ਹੈ।

ਇਹ ਜਾਣਕਾਰੀ ਐਸ.ਡੀ.ਐਮ. ਅੰਬ ਪਾਰਸ ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਹੋਤਸਵ ਦੀ ਸ਼ੁਰੂਆਤ ਮਾਤਾ ਸ੍ਰੀ ਚਿੰਤਪੁਰਨੀ ਮੰਦਰ ਤੋਂ ਨਿਕਲਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਨਾਲ ਹੋਵੇਗੀ, ਜੋ ਅੰਬ ਮੇਲਾ ਮੈਦਾਨ ਤੱਕ ਪਹੁੰਚੇਗੀ। ਮਹੋਤਸਵ ਦੇ ਉਦਘਾਟਨੀ ਸਮਾਰੋਹ ਲਈ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਅਤੇ ਸਮਾਪਤੀ ਸਮਾਰੋਹ ਲਈ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਪਹੁੰਚਣ ਦੀ ਸੰਭਾਵਨਾ ਹੈ।


ਕਲਾਕਾਰਾਂ ਦੇ ਆਡੀਸ਼ਨ ਹੁਣ 26 ਅਤੇ 27 ਨਵੰਬਰ ਨੂੰ

ਪਾਰਸ ਅਗਰਵਾਲ ਨੇ ਦੱਸਿਆ ਕਿ ਮਹੋਤਸਵ ਦੀਆਂ ਸੱਭਿਆਚਾਰਕ ਸ਼ਾਮਾਂ ਵਿੱਚ ਪੇਸ਼ਕਾਰੀ ਦੇਣ ਦੇ ਚਾਹਵਾਨ ਕਲਾਕਾਰਾਂ ਦੇ ਆਡੀਸ਼ਨ ਹੁਣ 26 ਅਤੇ 27 ਨਵੰਬਰ ਨੂੰ ਮਹਾਰਾਣਾ ਪ੍ਰਤਾਪ ਕਾਲਜ, ਅੰਬ ਵਿਖੇ ਕਰਵਾਏ ਜਾਣਗੇ। ਚਾਹਵਾਨ ਕਲਾਕਾਰ ਆਪਣੇ ਬਿਨੈ-ਪੱਤਰ ਐਸ.ਡੀ.ਐਮ. ਦਫ਼ਤਰ, ਅੰਬ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਆਡੀਸ਼ਨ ਦੇ ਦੋਵੇਂ ਦਿਨ ਮੌਕੇ 'ਤੇ ਵੀ ਬਿਨੈ-ਪੱਤਰ ਸਵੀਕਾਰ ਕੀਤੇ ਜਾਣਗੇ। ਨਾਮਵਰ ਕਲਾਕਾਰਾਂ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਅਤੇ ਇਨਾਮ ਜੇਤੂਆਂ ਨੂੰ ਆਡੀਸ਼ਨ ਤੋਂ ਛੋਟ ਦਿੱਤੀ ਜਾਵੇਗੀ।