ਭੋਪਾਲ (ਮੱਧ ਪ੍ਰਦੇਸ਼):- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਥਿਤ ਅੰਤਰਰਾਜੀ ਬੱਸ ਟਰਮੀਨਲ ’ਤੇ ਅੱਗ ਲੱਗਣ ਕਾਰਨ ਸੱਤ ਬੱਸਾਂ ਨੁਕਸਾਨੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਲਗਭਗ ਇੱਕ ਘੰਟੇ ਦੇ ਅੰਦਰ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਨਗਰ ਨਿਗਮ ਦੇ ਫਾਇਰ ਅਫ਼ਸਰ ਸੌਰਭ ਪਟੇਲ ਨੇ ਘਟਨਾ ਸਥਾਨ ਤੋਂ ਪੀਟੀਆਈ ਨੂੰ ਦੱਸਿਆ ਕਿ ਅੱਗ ਸਭ ਤੋਂ ਪਹਿਲਾਂ ਇੱਕ ਬੱਸ ਵਿੱਚ ਲੱਗੀ ਅਤੇ ਤੇਜ਼ੀ ਨਾਲ ਨੇੜੇ ਖੜ੍ਹੀਆਂ ਹੋਰ ਬੱਸਾਂ ਤੱਕ ਫੈਲ ਗਈ। ਉਨ੍ਹਾਂ ਦੱਸਿਆ ਕਿ ਚਾਰ ਬੱਸਾਂ ਪੂਰੀ ਤਰ੍ਹਾਂ ਸੜ ਗਈਆਂ, ਜਦਕਿ ਤਿੰਨ ਹੋਰ ਬੱਸਾਂ ਨੂੰ ਨੁਕਸਾਨ ਪਹੁੰਚਿਆ।

ਪਟੇਲ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸ਼ਾਮ 7:18 ਵਜੇ ਮਿਲੀ, ਜਿਸ ਤੋਂ ਬਾਅਦ ਅੱਠ ਤੋਂ ਵੱਧ ਅੱਗ ਬੁਝਾਊ ਗੱਡੀਆਂ ਦੀ ਮਦਦ ਨਾਲ ਕਾਰਵਾਈ ਸ਼ੁਰੂ ਕੀਤੀ ਗਈ। ਇੱਕ ਹੋਰ ਅਧਿਕਾਰੀ ਨੇ ਸੰਕੇਤ ਦਿੱਤਾ ਕਿ ਕਿਸੇ ਇੱਕ ਬੱਸ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੋ ਸਕਦੀ ਹੈ। ਪੁਲਿਸ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।