ਨੰਗਲ:- ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਐੱਮ.ਪੀ. ਦੀ ਕੋਠੀ ਨੇੜੇ ਬੀਤੇ ਦਿਨ ਕੈਂਟਰ ਨੇ ਕਾਰ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਸੜਕ ਦੇ ਵਿਚਕਾਰ ਪਲਟ ਗਿਆ, ਜਦਕਿ ਕਾਰ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਵਿੱਚ ਮੋਟਰਸਾਈਕਲ ਸਵਾਰ 27 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਨੰਗਲ ਥਾਣੇ ਦੇ ਏ.ਐੱਸ.ਆਈ. ਪ੍ਰੀਤਮ ਸਿੰਘ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆ ਰਹੇ ਕੈਂਟਰ ਨੇ ਚੰਡੀਗੜ੍ਹ ਵੱਲ ਜਾ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕੈਂਟਰ ਸੜਕ ਦੇ ਵਿਚਕਾਰ ਪਲਟ ਗਿਆ। ਹਾਦਸੇ ਵਿੱਚ ਕਾਰ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ, ਪਰ ਕਾਰ ਦੇ ਏਅਰਬੈਗ ਖੁੱਲ੍ਹ ਜਾਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਨੂੰ ਸੱਟਾਂ ਲੱਗੀਆਂ ਹਨ। ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਨੰਗਲ ਦੇ ਜੀ-ਬਲਾਕ ਵਾਸੀ ਸੌਰਭ ਵਜੋਂ ਹੋਈ ਹੈ, ਜੋ ਕੋਰੀਅਰ ਬੁਆਏ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਦਸੇ ਵਿੱਚ ਕੈਂਟਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ। ਸੌਰਭ ਦੀ ਉਮਰ ਕਰੀਬ 27 ਸਾਲ ਸੀ ਅਤੇ ਉਸ ਦੇ ਦੋ ਛੋਟੇ ਬੱਚੇ ਹਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ।
