ਹੁਸ਼ਿਆਰਪੁਰ, 16 ਅਗਸਤ:- ਆਪਣੇ ਸਮੇਂ ਦੇ ਮਹਾਨ ਫੁੱਟਬਾਲਰ ਸਵ. ਚੌਧਰੀ ਰਾਮ ਕਿਸ਼ਨ ਜੀ ਬਿੱਲਾ ਜੀ ਦੀ ਪੋਤਰੀ ਅਤੇ ਪਿਤਾ ਸਰਦਾਰ ਮਨਜਿੰਦਰ ਸਿੰਘ ਤੇ ਮਾਤਾ ਸੀਮਾ ਮਹਿਮੀ ਵਾਸੀ ਮਾਹਿਲਪੁਰ ਦੀ ਪੁੱਤਾਂ ਵਾਂਗ ਪਾਲੀ ਲਾਡਲੀ ਹੋਣਹਾਰ ਧੀ ਜੀਆ ਮਹਿਮੀ ਬਹੁ-ਪੱਖੀ ਪ੍ਰਤਿਭਾ ਦੀ ਮਾਲਕ ਹੈ। ਆਪਣੀ ਖਾਨਦਾਨੀ ਵਿਰਾਸਤ ਨੂੰ ਅੱਗੇ ਤੋਰਨ ਲਈ ਜੀਆ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਪੂਰੀ ਲਗਨ ਤੇ ਸਿਦਕ ਨਾਲ ਮਿਹਨਤ ਕਰ ਰਹੀ ਹੈ।
ਬੀਤੇ ਦਿਨੀਂ ਮੁਕਤਸਰ ਸਾਹਿਬ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਉਸ ਨੇ 400 ਮੀਟਰ ਦੌੜ ਵਿੱਚ ਅੱਵਲ ਰਹਿ ਕੇ ਸੋਨ ਤਗਮਾ ਜਿੱਤਣ ਦੇ ਨਾਲ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਵੀ ਆਪਣੀ ਚੋਣ ਕਰਵਾਈ। ਪੂਜਨੀਕ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੀ ਵਿਦਿਆਰਥਣ ਜੀਆ ਫੁੱਟਬਾਲ ਦੇ ਝਾਰਖੰਡ ਵਿੱਚ ਹੋਏ 14 ਸਾਲ ਤੱਕ ਉਮਰ ਦੇ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਵੱਲੋਂ ਖੇਡੀ ਤੇ ਆਪਣੇ ਸੂਬੇ ਨੂੰ ਪਹਿਲੇ ਸਥਾਨ ’ਤੇ ਪਹੁੰਚਾਇਆ।
ਬੰਗਲੌਰ ਵਿੱਚ ਦੋ ਵਾਰੀ ਸੁਬਰੋਤੋ ਕੱਪ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਦੀ ਮੈਂਬਰ ਰਹੀ। ਸੀ.ਆਈ.ਐੱਸ.ਸੀ.ਈ. ਨੈਸ਼ਨਲ ਵਿੱਚ ਤਿੰਨ ਵਾਰ ਉਸ ਨੇ ਦਿੱਲੀ ਵਿਖੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਤਿੰਨ ਵਾਰ ਭਾਗ ਲਿਆ ਤੇ ਤਿੰਨੋਂ ਵਾਰ ਤਗਮੇ ਜਿੱਤੇ ਅਤੇ ਪੰਜਾਬ ਦੀ ਟੀਮ ਲਈ ਚੁਣੀ ਗਈ।
ਇਸੇ ਤਰ੍ਹਾਂ ਬਾਸਕਟਬਾਲ ਵਿੱਚ ਵੀ ਉਸ ਨੇ ਸੀ.ਆਈ.ਐੱਸ.ਸੀ.ਈ. ਵੱਲੋਂ ਕਰਵਾਏ ਰਾਜ ਪੱਧਰੀ ਤੇ ਨੈਸ਼ਨਲ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਪੰਜਾਬ ਦੀ ਟੀਮ ਲਈ ਚੁਣੀ ਗਈ। ਤਾਮਿਲਨਾਡੂ ਵਿੱਚ ਹੋਏ ਨੈਸ਼ਨਲ ਪੱਧਰੀ ਮੁਕਾਬਲਿਆਂ ਵਿੱਚ ਖੇਡੀ।
ਐਥਲੈਟਿਕਸ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਉਹ ਦੂਜੇ ਸਥਾਨ ’ਤੇ ਰਹੀ ਤੇ ਸਿਲਵਰ ਮੈਡਲ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਰਿਲੇਅ ਦੌੜਾਂ ਵਿੱਚ ਵੀ ਉਸ ਨੇ ਆਪਣੀ ਟੀਮ ਨੂੰ 100 ਤੇ 400 ਮੀਟਰ ਵਿੱਚ ਪਹਿਲੇ ਸਥਾਨ ’ਤੇ ਪਹੁੰਚਾਉਣ ਲਈ ਯੋਗਦਾਨ ਪਾਇਆ ਤੇ 600 ਮੀਟਰ ਵਿੱਚ ਉਨ੍ਹਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੀ ਜੀਆ ਮਹਿਮੀ ਖੇਡਾਂ ਤੇ ਪੜ੍ਹਾਈ ਦੇ ਖੇਤਰ ਵਿੱਚ ਇਲਾਕਾ ਮਾਹਿਲਪੁਰ ਦਾ ਨਾਂ ਰੁਸ਼ਨਾਉਣ ਲਈ ਨਿਰੰਤਰ ਯਤਨਸ਼ੀਲ ਹੈ। ਅਜਿਹੀ ਬਹੁ-ਪੱਖੀ ਪ੍ਰਤਿਭਾ ਦੀ ਮਾਲਕ ਧੀ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਜਿੱਥੇ ਉਸ ਦੇ ਮਾਪੇ ਉਸ ਨੂੰ ਹਰ ਸੁੱਖ-ਸਹੂਲਤ ਪ੍ਰਦਾਨ ਕਰ ਰਹੇ ਹਨ, ਉੱਥੇ ਸਰਕਾਰ ਤੇ ਵਿਦਿਅਕ ਅਦਾਰਿਆਂ ਨੂੰ ਵੀ ਇਸ ਹੋਣਹਾਰ ਧੀ ਨੂੰ ਪੂਰਨ ਸਹਿਯੋਗ ਦੇ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ ਤੇ ਇਲਾਕੇ ਤੇ ਸੂਬੇ ਦਾ ਨਾਂ ਰੌਸ਼ਨ ਕਰ ਸਕੇ।
ਫੁੱਟਬਾਲ ਪਲੇਅਰਜ਼ ਵੈਲਫੇਅਰ ਸੁਸਾਇਟੀ ਮਾਹਿਲਪੁਰ ਜੀਆ ਮਹਿਮੀ ਤੇ ਸਭ ਉੱਭਰਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ’ਤੇ ਜਿੱਥੇ ਮਾਣ ਮਹਿਸੂਸ ਕਰਦੀ ਹੈ, ਉੱਥੇ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰਨ ਲਈ ਵੀ ਵਚਨਬੱਧ ਹੈ। ਸੁਸਾਇਟੀ ਵੱਲੋਂ ਜੀਆ ਦੇ 400 ਮੀਟਰ ਦੌੜ ਵਿੱਚ ਨੈਸ਼ਨਲ ਲਈ ਚੁਣੇ ਜਾਣ ’ਤੇ ਉਸ ਨੂੰ ਆਸ਼ੀਰਵਾਦ ਤੇ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ ਗਈਆਂ ਅਤੇ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਵਾਦ ਦਿੱਤੀ ਗਈ। ਸੁਸਾਇਟੀ ਨੇ ਆਸ ਪ੍ਰਗਟ ਕੀਤੀ ਕਿ ਜੀਆ ਤੇ ਹੋਰ ਸਭ ਉੱਭਰਦੇ ਖਿਡਾਰੀਆਂ ਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਪਹਿਲਕਦਮੀ ਕਰੇਗੀ, ਤਾਂ ਜੋ ਇਹ ਖਿਡਾਰੀ ਸੂਬੇ ਦਾ ਨਾਂ ਦੇਸ਼-ਵਿਦੇਸ਼ ਤੱਕ ਰੌਸ਼ਨ ਕਰ ਸਕਣ।