ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਸ੍ਰੀ ਰਾਮ ਲੀਲਾ ਕਮੇਟੀ (ਰਜਿ.) ਵੱਲੋਂ ਸ੍ਰੀ ਰਾਮ ਭਗਤ ਹਨੂਮਾਨ ਜੀ ਦੇ ਸਰੂਪ ਕੱਢਣ ਵਾਲੀਆਂ ਸੰਸਥਾਵਾਂ (ਮਹਾਵੀਰ ਦਲਾਂ) ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਸ੍ਰੀ ਹਨੂਮਾਨ ਜੀ ਦੇ ਸਰੂਪ ਕੱਢਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਸ੍ਰੀ ਰਾਮ ਵਿਆਹ ਦੀ ਸ਼ੋਭਾ ਯਾਤਰਾ, ਜੋ ਕਿ 15 ਅਕਤੂਬਰ ਦਿਨ ਵੀਰਵਾਰ ਨੂੰ ਕੱਢੀ ਜਾਵੇਗੀ, ਵਿੱਚ ਸਮੇਂ ਅਤੇ ਅਨੁਸ਼ਾਸਨ ਦੇ ਨਾਲ-ਨਾਲ ਕੁਝ ਹੋਰ ਜ਼ਰੂਰੀ ਗੱਲਾਂ ਦਾ ਵੀ ਧਿਆਨ ਰੱਖਿਆ ਜਾਵੇ।
ਪ੍ਰਧਾਨ ਕਪੂਰ ਨੇ ਕਿਹਾ ਕਿ ਸ਼ੋਭਾ ਯਾਤਰਾ ਵਿੱਚ ਸਰੂਪਾਂ ਦੀ ਮਰਿਆਦਾ ਦਾ ਪਾਲਣ ਕਰਦਿਆਂ ਵੱਡੇ ਪਟਾਕੇ (ਬੰਬ) ਨਾ ਚਲਾਏ ਜਾਣ, ਡੀਜੇ ਦੀ ਆਵਾਜ਼ ਦਰਮਿਆਨੀ ਰੱਖੀ ਜਾਵੇ, ਸਪਰੇਅ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਯਾਤਰਾ ਵਿੱਚ ਬਿਨਾਂ ਰੁਕੇ ਚਲਦੇ ਰਹਿਣ ਆਦਿ ਵਰਗੀਆਂ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਿਆ ਜਾਵੇ, ਤਾਂ ਜੋ ਕਿਸੇ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ ਅਤੇ ਦੁਕਾਨਾਂ ਬੰਦ ਹੋਣ ਤੋਂ ਪਹਿਲਾਂ ਸਾਰੇ ਦੁਕਾਨਦਾਰ ਅਤੇ ਸ਼ਹਿਰ ਵਾਸੀ ਪ੍ਰਭੂ ਦੇ ਦਰਸ਼ਨ ਕਰ ਸਕਣ।
ਉਨ੍ਹਾਂ ਕਿਹਾ ਕਿ ਸਾਰੀਆਂ ਸੰਸਥਾਵਾਂ ਸ਼ਾਮ ਠੀਕ 5 ਵਜੇ ਸ੍ਰੀ ਸਨਾਤਨ ਧਰਮ ਸਕੂਲ (ਐਸ.ਡੀ. ਸਕੂਲ) ਵਿੱਚ ਪਹੁੰਚਣ ਅਤੇ ਯਾਤਰਾ ਦੀ ਸਮਾਪਤੀ ਤੋਂ ਬਾਅਦ ਸ੍ਰੀ ਸ਼ਕਤੀ ਮੰਦਰ, ਨਵੀਂ ਆਬਾਦੀ ਵਿੱਚ ਪ੍ਰਸਾਦ ਵਜੋਂ ਭੋਜਨ ਛਕ ਕੇ ਜਾਣ।
ਉਨ੍ਹਾਂ ਕਿਹਾ ਕਿ ਇਹ ਧਰਮ ਦਾ ਕਾਰਜ ਹੈ ਅਤੇ ਇਸ ਨੂੰ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਪੂਰਾ ਕਰਨ ਵਿੱਚ ਸਹਿਯੋਗ ਕੀਤਾ ਜਾਵੇ। ਇਸ ਮੌਕੇ ਪ੍ਰਦੀਪ ਹਾਂਡਾ, ਸੰਜੀਵ ਐਰੀ, ਅਜੇ ਜੈਨ, ਵਰੁਣ ਕੈਂਥ, ਸ਼ੋਭਾ ਯਾਤਰਾ ਇੰਚਾਰਜ ਦਵਿੰਦਰ ਨਾਥ ਬਿੰਦਾ, ਸਹਿ-ਸ਼ੋਭਾ ਯਾਤਰਾ ਇੰਚਾਰਜ ਅਸ਼ਵਨੀ ਛੋਟਾ, ਕ੍ਰਿਸ਼ਨ ਗੋਪਾਲ ਆਨੰਦ, ਚੇਤਨ ਸੂਦ, ਪੀਯੂਸ਼ ਮੱਲੀ ਸਮੇਤ ਹੋਰ ਪਤਵੰਤੇ ਮੈਂਬਰ ਮੌਜੂਦ ਸਨ।
