ਹਰਿਆਣਾ/ਪੰਚਕੂਲਾ (ਦਿਨਕਰ ਗਾਵੜੀ):- ਪੰਚਕੂਲਾ ਦੇ ਸੈਕਟਰ 12-A ਸਥਿਤ ਮਹਾਰਿਸ਼ੀ ਵਾਲਮੀਕਿ ਭਵਨ ਵਿੱਚ ਹਰਿਆਣਾ ਵਾਲਮੀਕਿ ਮਹਾਸਭਾ ਵੱਲੋਂ ਮਹਾਰਿਸ਼ੀ ਵਾਲਮੀਕਿ ਜਯੰਤੀ ਮੌਕੇ ਕਰਵਾਏ ਸਮਾਗਮ ਵਿੱਚ ਜਜਪਾ ਦੇ ਜ਼ਿਲ੍ਹਾ ਪੰਚਕੂਲਾ ਪ੍ਰਧਾਨ ਓ.ਪੀ. ਸਿਹਾਗ, ਦਫ਼ਤਰ ਸਕੱਤਰ ਸੁਰਿੰਦਰ ਚੱਢਾ ਅਤੇ ਪੰਚਕੂਲਾ ਜਜਪਾ ਹਲਕਾ ਪ੍ਰਧਾਨ ਰਾਜੇਸ਼ ਨਿਸ਼ਾਦ ਨੇ ਸ਼ਿਰਕਤ ਕੀਤੀ ਅਤੇ ਮਹਾਰਿਸ਼ੀ ਵਾਲਮੀਕਿ ਦੇ ਚਰਨਾਂ ਵਿੱਚ ਸੀਸ ਨਿਵਾਇਆ। ਸਮਾਗਮ ਵਿੱਚ ਪਹੁੰਚਣ ’ਤੇ ਹਰਿਆਣਾ ਵਾਲਮੀਕਿ ਮਹਾਸਭਾ, ਜ਼ਿਲ੍ਹਾ ਪੰਚਕੂਲਾ ਦੇ ਜਨਰਲ ਸਕੱਤਰ ਜਸਵੀਰ ਜੱਸੀ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਨੇ ਜਜਪਾ ਆਗੂਆਂ ਦਾ ਸਵਾਗਤ ਕੀਤਾ।

ਇਸ ਮੌਕੇ ਜਜਪਾ ਦੇ ਜ਼ਿਲ੍ਹਾ ਪ੍ਰਧਾਨ ਓ.ਪੀ. ਸਿਹਾਗ ਨੇ ਸਰਬ ਸਮਾਜ ਦੇ ਲੋਕਾਂ ਨੂੰ ਮਹਾਰਿਸ਼ੀ ਵਾਲਮੀਕਿ ਪ੍ਰਗਟ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਪੰਚਕੂਲਾ ਸਮੇਤ ਪੂਰੇ ਸੂਬੇ ਦੇ ਲੋਕਾਂ ਨੂੰ ਹਰ ਹਾਲਤ ਵਿੱਚ ਆਪਸੀ ਭਾਈਚਾਰਾ ਅਤੇ ਸਮਾਜਿਕ ਸਦਭਾਵਨਾ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਰਿਸ਼ੀ ਵਾਲਮੀਕਿ ਵੱਲੋਂ ਦਿਖਾਏ ਰਸਤੇ ’ਤੇ ਚੱਲ ਕੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਸਹੀ ਸੇਧ ਦੇਣੀ ਚਾਹੀਦੀ ਹੈ।