ਐਡਮਿੰਟਨ (ਕੈਨੇਡਾ):- ਐਡਮਿੰਟਨ ਪਬਲਿਕ ਲਾਇਬ੍ਰੇਰੀ (ਮੈਡੋਜ਼, 17 ਸਟਰੀਟ) ਵਿਖੇ ਸਭ ਰੰਗ ਸਾਹਿਤ ਸਭਾ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਾਂਝੇ ਉਪਰਾਲੇ ਨਾਲ ਪ੍ਰਸਿੱਧ ਕਵਿਤਰੀ ਮੈਡਮ ਬਖ਼ਸ਼ ਸੰਘਾ ਦੀ ਨਵੀਂ ਪੁਸਤਕ **‘ਤੁਰ ਚਾਨਣ ਦੀ ਤੋਰ’** ਦਾ ਵਿਮੋਚਨ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਵੀ ਅਤੇ ਕਥਾਵਾਚਕ ਦਲਬੀਰ ਸਿੰਘ ਰਿਆੜ, ਅੰਮ੍ਰਿਤਪਾਲ ਸਿੰਘ ਅੰਮ੍ਰਿਤ ਅਤੇ ਸਤਨਾਮ ਸਿੰਘ ਗਾਹਲੇ ਨੇ ਕੀਤੀ।
ਸਭ ਰੰਗ ਸਾਹਿਤ ਸਭਾ ਦੇ ਸਰਪ੍ਰਸਤ ਬਲਵਿੰਦਰ ਬਾਲਮ ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ **‘ਤੁਰ ਚਾਨਣ ਦੀ ਤੋਰ’** ਬੋਲੀਆਂ ਅਤੇ ਟੱਪਿਆਂ ਉੱਪਰ ਆਧਾਰਿਤ ਇੱਕ ਵਿਲੱਖਣ ਰਚਨਾ ਹੈ। ਇਸ ਪੁਸਤਕ ਵਿੱਚ 668 ਬੋਲੀਆਂ ਅਤੇ 245 ਟੱਪੇ ਸ਼ਾਮਲ ਹਨ, ਜੋ ਪਰੰਪਰਾਗਤ ਵਿਸ਼ਿਆਂ ਤੋਂ ਅੱਗੇ ਵੱਧ ਕੇ ਆਧੁਨਿਕ ਸਮਾਜ ਦੇ ਬਦਲਦੇ ਹਾਲਾਤ, ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ, ਸਮਾਜਿਕ ਚੁਣੌਤੀਆਂ ਅਤੇ ਸੱਚਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ ਹਨ।
ਉਨ੍ਹਾਂ ਕਿਹਾ ਕਿ ਮੈਡਮ ਬਖ਼ਸ਼ ਸੰਘਾ ਨੇ ਲਹੂ-ਮਾਸ ਦੇ ਰਿਸ਼ਤਿਆਂ, ਪੇਕੇ-ਸਹੁਰੇ, ਔਰਤ-ਮਰਦ ਦੇ ਸੰਬੰਧਾਂ, ਸਾਧਾਂ ਦੇ ਡੇਰਿਆਂ, ਕਿਸਾਨੀ, ਦਾਜ ਪ੍ਰਥਾ, ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ, ਪ੍ਰਵਾਸ ਅਤੇ ਪਰਿਵਾਰਕ ਸੰਵੇਦਨਾਵਾਂ ਵਰਗੇ ਵਿਸ਼ਿਆਂ ਨੂੰ ਬੋਲੀਆਂ ਅਤੇ ਟੱਪਿਆਂ ਰਾਹੀਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਉਕੇਰਿਆ ਹੈ। ਉਨ੍ਹਾਂ ਕਿਹਾ ਕਿ ਰਚਨਾਵਾਂ ਵਿੱਚ ਲੈਅ, ਬਿੰਬ, ਪ੍ਰਤੀਕ, ਅਲੰਕਾਰ ਅਤੇ ਲੋਕ-ਭਾਸ਼ਾ ਦਾ ਸੁੰਦਰ ਮੇਲ ਹੈ, ਜੋ ਇਨ੍ਹਾਂ ਨੂੰ ਲੋਕੋਕਤੀਆਂ ਅਤੇ ਸੂਕਤੀਆਂ ਵਰਗੀ ਪ੍ਰਭਾਵਸ਼ਾਲੀ ਅਭਿਵਿਅਕਤੀ ਪ੍ਰਦਾਨ ਕਰਦਾ ਹੈ।
ਬਲਵਿੰਦਰ ਬਾਲਮ ਨੇ ਕਿਹਾ ਕਿ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੇ ਬਦਲਦੇ ਸਮਾਜਿਕ ਹਾਲਾਤ, ਰਿਸ਼ਤਿਆਂ ਵਿੱਚ ਆਈ ਦੂਰੀ, ਕਾਨੂੰਨ ਦੀ ਦੁਰਵਰਤੋਂ ਅਤੇ ਪੈਸੇ ਦੀ ਅੰਨ੍ਹੀ ਦੌੜ ਵਰਗੇ ਮੁੱਦਿਆਂ ਨੂੰ ਵੀ ਪੁਸਤਕ ਵਿੱਚ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਇਸ ਰਚਨਾ ਨੂੰ ਇੱਕ ਮਹੱਤਵਪੂਰਨ ਖੋਜਮੂਲਕ ਯੋਗਦਾਨ ਦੱਸਦਿਆਂ ਮੈਡਮ ਬਖ਼ਸ਼ ਸੰਘਾ ਨੂੰ ਵਧਾਈ ਦਿੱਤੀ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਦਲਬੀਰ ਸਿੰਘ ਰਿਆੜ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਬਲਵਿੰਦਰ ਬਾਲਮ, ਸਤਨਾਮ ਸਿੰਘ ਗਾਹਲੇ, ਕਰਨੈਲ ਸਿੰਘ (ਜਰਮਨੀ), ਜਸਵੀਰ ਸਿੰਘ ਸੰਘਾ, ਦਰਸ਼ਨ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ ਮੈਨੇਜਰ, ਹਰਜਿੰਦਰ ਸਿੰਘ, ਡੀ.ਐਸ. ਪਾਰਸ, ਸਵਰਨ ਸਿੰਘ ਬਰਾੜ, ਜੋਗਿੰਦਰ ਸਿੰਘ ਬਰਾੜ, ਸੁਖਵਿੰਦਰ ਸਿੰਘ ਢਿੱਲੋਂ, ਦਰਸ਼ਨ ਸਿੰਘ ਸਰਾਂ, ਭੁਪਿੰਦਰ ਸਿੰਘ ਸੰਧੂ, ਉਰਦੂਮਣ ਸਿੰਘ ਗਿੱਲ, ਅਮਰਜੀਤ ਸਿੰਘ ਬਰਾੜ, ਸਰਬਜੀਤ ਸਿੰਘ ਸਿੱਧੂ ਅਤੇ ਅਜਮੇਰ ਸਿੰਘ ਰਾਏ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਨਿਵਾਜਿਆ। ਸਮਾਗਮ ਦਾ ਮੰਚ ਸੰਚਾਲਨ ਕਰਨੈਲ ਸਿੰਘ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।